ramchandra chatrapati murder case: ਪੰਚਕੂਲਾ: 16 ਸਾਲ ਦੇ ਲੰਬੇ ਇੰਤਜ਼ਾਰ ਦੇ ਬਾਅਦ ਅੱਜ ਉਹ ਦਿਨ ਆ ਹੀ ਗਿਆ ਜਦੋਂ ਮਰਹੂਮ ਪੱਤਰਕਾਰ ਰਾਮਚੰਦਰ ਛਤਰਪਤੀ ਨੂੰ ਇਨਸਾਫ ਮਿਲੇਗਾ। ਰਾਮਚੰਦਰ ਛਤਰਪਤੀ ਉਹ ਬਹਾਦਰ ਪੱਤਰਕਾਰ ਸਨ ਜਿਹਨਾਂ ਨੇ ਸਭ ਤੋਂ ਪਹਿਲਾਂ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਸੱਚਾਈ ਦੁਨੀਆ ਸਾਹਮਣੇ ਲਿਆਈ ਸੀ। ਭਾਵੇਂ ਰਾਮਚੰਦਰ ਛਤਰਪਤੀ ਅੱਜ ਇਸ ਦੁਨੀਆ ‘ਚ ਨਹੀਂ ਹਨ ਪਰ ਉਹ ਓਹੀ ਸ਼ਖਸ ਹਨ ਜਿਹਨਾਂ ਨੇ ਰਾਮ ਰਹੀਮ ਦੀ ਕਾਲੀਆਂ ਕਰਤੂਤਾਂ ਨੂੰ ਜੱਗ ਜਾਹਿਰ ਕੀਤਾ ਸੀ। ਰਾਮ ਰਹੀਮ ਦੀ ਕਾਲੀਆਂ ਕਰਤੂਤਾਂ ਦਾ ਪਰਦਾਫਾਸ਼ ਕਰਨ ਤੋਂ ਬਾਅਦ ਉਹਨਾਂ ਨੂੰ ਕਈ ਧਮਕੀਆਂ ਵੀ ਮਿਲੀਆਂ ਤੇ ਉਹਨਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਗਿਆ।

ਪਰ ਕਹਿੰਦੇ ਹਨ ਕਿ ਝੂਠ ਦੇ ਪੈਰ ਨਹੀਂ ਹੁੰਦੇ ਤੇ ਬਸ ਥੋੜ੍ਹਾ ਲੇਟ ਸਹੀ ਪਰ ਰਾਮ ਰਹੀਮ ਨੂੰ ਉਸਦੇ ਗੁਨਾਹਾਂ ਦੀ ਸਜ਼ਾ ਮਿਲੀ ਤੇ ਹੁਣ ਉਹ ਰੋਹਤਕ ਜੇਲ੍ਹ ‘ਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ। ਪਰ ਤੁਹਾਨੂੰ ਪਤਾ ਹੈ ਕਿ ਇਸ ਬਹਾਦਰ ਪਤਰਕਾਰ ਨਾਲ ਉਸ ਸਮੇ ਕੀ ਕੁਝ ਹੋਇਆ ਸੀ ਤੇ ਇਹਨਾਂ ਦਾ ਕਤਲ ਕਿਵੇਂ ਹੋਇਆ। ਅੱਜ ਅਸੀਂ ਤੁਹਾਨੂੰ ਦਸਦੇ ਹਨ ਕਿ ਉਸ ਵੇਲੇ ਕਿ ਹੋਇਆ ਸੀ ਤੇ ਰਾਮਚੰਦਰ ਛਤਰਪਤੀ ਦੀ ਹਤਿਆ ਕਿਊ ਕੀਤੀ ਗਈ।

ਇੰਝ ਹੋਈ ਸੀ ਰਾਮਚੰਦਰ ਛਤਰਪਤੀ ਦੀ ਹਤਿਆ ਪੱਤਰਕਾਰ ਰਾਮਚੰਦਰ ਛੱਤਰਪਤੀ ਸਿਰਸਾ ਤੋਂ ‘ਪੂਰਾ ਸੱਚ’ ਨਾਂ ਦਾ ਅਖ਼ਬਾਰ ਕੱਢਦੇ ਸਨ ਤੇ ਆਪਣੇ ਅਖ਼ਬਾਰ ਰਾਹੀਂ ਹੀ ਉਨ੍ਹਾਂ ਸਿਰਸਾ ਡੇਰਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਹਰ ਕਾਲੀ ਕਰਤੂਤ ਤੋਂ ਪਰਦਾ ਚੁੱਕਿਆ। ਛੱਤਰਪਤੀ ਹੀ ਉਹੀ ਪੱਤਰਕਾਰ ਸਨ ਜਿਨ੍ਹਾਂ ਨੇ ਦੋ ਪੀੜਤ ਸਾਧਵੀਆਂ ਦੀ ਚਿਠੀ ਨੂੰ ਆਪਣੇ ਅਖਬਾਰ ਵਿਚ ਪ੍ਰਕਾਸ਼ਿਤ ਕੀਤਾ ਸੀ। ਇਸ ਚਿਠੀ ਦੇ ਅਧਾਰ ‘ਤੇ ਹੀ ਡੇਰਾ ਮੁਖੀ ਵਿਰੁੱਧ ਬਲਾਤਕਾਰ ਦਾ ਮਾਮਲਾ ਚੱਲਿਆ ਸੀ ਤੇ ਹੁਣ ਉਹ ਸੁਨਾਰੀਆ ਜੇਲ ਵਿਚ ਸਜ਼ਾ ਕੱਟ ਰਿਹਾ ਹੈ। ਛੱਤਰਪਤੀ ਵੱਲੋਂ ਖਬਰ ਛਾਪਣ ਤੋਂ ਬਾਅਦ ਸੌਦਾ ਸਾਧ ਦੇ ਗੁੰਡੇ ਪੱਤਰਕਾਰ ਨੂੰ ਧਮਕੀਆਂ ਦਿੰਦੇ ਸਨ ਪਰ ਛੱਤਰਪਤੀ ਨੇ ਹਾਰ ਨਾ ਮੰਨੀ ਤੇ ਨਿਡਰ ਹੋ ਡੇਰਾ ਮੁਖੀ ਦੇ ਕਾਲੇ ਕਾਰਨਾਮਿਆਂ ਨੂੰ ਜੱਗ ਜਾਹਿਰ ਕਰਦੇ ਰਹੇ।

ਸਾਲ 2001 ਦੌਰਾਨ ਰਾਮਚੰਦਰ ਛੱਤਰਪਤੀ ਨੇ ਡੇਰਾ ਸਿਰਸਾ ਵਿਰੁੱਧ ਸ਼ਰਧਾਲੂਆਂ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰਨ ਸਬੰਧੀ ਖ਼ਬਰਾਂ ਛਾਪੀਆਂ ਸਨ। ਡੇਰੇ ਵਿਰੁੱਧ ਆਵਾਜ਼ ਚੁੱਕਣ ‘ਤੇ ਹੀ ਉਨ੍ਹਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਮਗਰੋਂ ਛੱਤਰਪਤੀ ਨੂੰ ਉਨ੍ਹਾਂ ਸਾਧਵੀਆਂ ਦੀ ਚਿੱਠੀ ਮਿਲੀ ਜਿਸ ਵਿੱਚ ਗੁਰਮੀਤ ਰਾਮ ਰਹੀਮ ਵਿਰੁੱਧ ਬਲਾਤਕਾਰ ਕਰਨ ਦੇ ਦੋਸ਼ ਲਾਏ ਗਏ ਸਨ। ਛੱਤਰਪਤੀ ਨੇ ਇਸ ਨੂੰ ਅਖ਼ਬਾਰ ਵਿੱਚ ਛਾਪਿਆ। ਇਸ ਤੋਂ ਬਾਅਦ ਛੱਤਰਪਤੀ ਨੂੰ ਕਾਫੀ ਧਮਕੀਆਂ ਮਿਲਣ ਲੱਗੀਆਂ। 24 ਅਕਤੂਬਰ, 2002 ਨੂੰ ਛੱਤਰਪਤੀ ‘ਤੇ ਗੋਲ਼ੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ।

ਪਰਿਵਾਰ ਨੇ ਰਾਮ ਰਹੀਮ ਵਿਰੁੱਧ ਮਾਮਲਾ ਦਰਜ ਕਰਵਾਇਆ ਪਰ ਪੁਲਿਸ ਨੇ ਖ਼ਾਸ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਪੱਤਰਕਾਰ ਦੇ ਪੁੱਤਰ ਅੰਸ਼ੁਲ ਨੇ ਆਪਣੇ ਪਿਤਾ ਦੀ ਮੌਤ ਦਾ ਇਨਸਾਫ ਲੈਣ ਦੀ ਆਵਾਜ਼ ਬੁਲੰਦ ਕੀਤੀ। ਨਵੰਬਰ 2003 ਨੂੰ ਛਤਰਪਤੀ ਦੀ ਮੌਤ ਦੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਗਈ ਤੇ ਕੇਂਦਰੀ ਜਾਂਚ ਏਜੰਸੀ ਨੇ ਸਾਲ 2007 ਨੂੰ ਰਾਮ ਰਹੀਮ ਨੂੰ ਕਤਲ ਦੀ ਸਾਜ਼ਿਸ਼ ਰਚਣ ਦਾ ਮੁਲਜ਼ਮ ਮੰਨ ਲਿਆ ਸੀ।

ਜਿਸਦੇ ਚਲਦੇ ਅੱਜ ਰਾਮ ਰਹੀਮ ਨੂੰ ਇਸ ਮਾਮਲੇ ‘ਚ ਅੱਜ ਸਜ਼ਾ ਸੁਣਾਈ ਜਾਵੇਗੀ। ਗੁਰਮੀਤ ਰਾਮ ਰਹੀਮ ਨੂੰ ਵੀਡੀਓ ਕਾਨਫਰੰਸ ਰਾਹੀਂ ਸਜ਼ਾ ਦਾ ਐਲਾਨ ਕੀਤਾ ਜਾਣਾ ਹੈ। ਉਸਨੂੰ ਸਜ਼ਾ ਸੁਣਵਾਈ ਜਾਣ ਤੋਂ ਪਹਿਲਾਂ ਰਾਮਚੰਦਰ ਛੱਤਰਪਤੀ ਦੀ ਬੇਟੀ ਸ਼੍ਰੇਯਾਸੀ ਛਤਰਪਤੀ ਸਾਹਮਣੇ ਆਈ ਹੈ। ਉਨ੍ਹਾਂ ਨੇ ਵੀਡੀਓ ਵਿੱਚ ਕਿਹਾ ਕਿ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਬੇਟੇ ਨੇ ਵੀ ਫਾਂਸੀ ਦੀ ਮੰਗ ਕੀਤੀ ਹੈ।
