ਫਗਵਾੜਾ: ਪੰਜਾਬ ਦੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫਗਵਾੜਾ ਦਾ ਅਚਨਚੇਤ ਦੌਰਾ ਕਰਦੇ ਹੋਏ ਸ਼ਹਿਰ ਵਿਚ ਨਗਰ ਨਿਗਮ ਅਤੇ ਸੀਵਰੇਜ ਬੋਰਡ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਅਤੇ ਨਿਗਮ ਕਮੀਸ਼ਨਰ ਦੀ ਕਈ ਮਾਮਲਿਆਂ ਵਿਚ ਖਿੰਚਾਈ ਕੀਤੀ। ਸਿੱਧੂ ਨੇ ਨਗਰ ਨਿਗਮ ਕਮੀਸ਼ਨਰ ਸਮੇਤ ਸੀਵਰੇਜ ਬੋਰਡ ਅਤੇ ਵਾਟਰ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਨੂੰ 21 ਦਿਨਾਂ ਦੇ ਅੰਦਰ ਆਡਿਟ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ।
ਉਹਨਾਂ ਇਹ ਚੇਤਾਵਨੀ ਵੀ ਦਿੱਤੀ ਕਿ ਜੇਕਰ ਕੋਈ ਘੋਟਾਲਾ ਸਾਹਮਣੇ ਆਇਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਜਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਕੇ ਫਗਵਾੜਾ ਨਗਰ ਨਿਗਮ ਸਮੇਤ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਰਾਜ ਵਿਚ ਹਲਕੇ ’ਚ ਕਰਵਾਏ ਵਿਕਾਸ ਕਾਰਜਾਂ ਵਿਚ ਵੱਡੀ ਪੱਧਰ ਤੇ ਘੋਟਾਲੇ ਹੋਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਸਿੱਧੂ ਨੇ ਜਲਦੀ ਹੀ ਫਗਵਾੜਾ ਦੌਰਾ ਕਰਨ ਦਾ ਭਰੋਸਾ ਦਿੱਤਾ ਸੀ।
ਇਸ ਤੋਂ ਪਹਿਲਾਂ ਅੱਜ ਨਵਜੋਤ ਸਿੰਘ ਸਿੱਧੂ ਦਾ ਫਗਵਾੜਾ ਪੁੱਜਣ ਤੇ ਰੈਸਟ ਹਾਉਸ ਵਿਖੇ ਭਰਵਾਂ ਸੁਆਗਤ ਕੀਤਾ ਗਿਆ।ਨਗਰ ਨਿਗਮ ਫਗਵਾੜਾ ਵਿਚ ਵਿਰੋਧੀ ਧਿਰ ਦੇ ਸਮੂਹ ਕੋਂਸਲਰਾਂ ਨੇ ਨਵਜੋਤ ਸਿੱਧੂ ਦੇ ਧਿਆਨ ਵਿਚ ਲਿਆਂਦਾ ਕਿ ਸ਼ਹਿਰ ਵਿਚ 198 ਬੂਥਾਂ ਨੂੰ ਨਗਰ ਨਿਗਮ ਵਲੋਂ ਕੋਡੀਆਂ ਦੇ ਭਾਅ ਦਿੱਤਾ ਗਿਆ ਹੈ ਅਤੇ ਇਹਨਾਂ ਬੂਥਾਂ ਤੇ ਨਜਾਇਜ ਉਸਾਰੀਆਂ ਵੀ ਕੀਤੀਆਂ ਗਈਆਂ ਹਨ। ਇਸ ਦੌਰਾਨ ਸਿੱਧੂ ਵਲੋਂ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਜੋ ਫਗਵਾੜਾ ਨਗਰ ਨਿਗਮ ਸਮੇਤ ਹੋਰ ਮਹਿਕਮਿਆਂ ਅੰਦਰ ਹੋਏ ਘੋਟਾਲਿਆਂ ਦੀ ਪੂਰੀ ਰਿਪੋਰਟ ਤਿਆਰ ਕਰੇਗੀ।
ਇਸ ਮੌਕੇ ਹਰਜੀਤ ਸਿੰਘ ਪਰਮਾਰ, ਅਵਤਾਰ ਸਿੰਘ ਪੰਡਵਾ, ਸਤਬੀਰ ਸਿੰਘ ਸਾਬੀ, ਮਨੀਸ਼ ਭਾਰਦਵਾਜ, ਸੰਜੀਵ ਬੁੱਗਾ ਕੋਂਸਲਰ, ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਨਰੇਸ਼ ਭਾਰਦਵਾਜ, ਮਨੀਸ਼ ਪ੍ਰਭਾਕਰ ਕੋਂਸਲਰ, ਦਰਸ਼ਨ ਲਾਲ ਧਰਮਸੋਤ ਕੋਂਸਲਰ, ਜਤਿੰਦਰ ਵਰਮਾਨੀ ਕੋਂਸਲਰ, ਗੁਰਜੀਤ ਪਾਲ ਵਾਲੀਆ, ਵਿੱਕੀ ਰਾਣੀਪੁਰ, ਪਦਮਦੇਵ ਸੁਧੀਰ ਨਿੱਕਾ, ਅਵਿਨਾਸ਼ ਗੁਪਤਾ ਬਾਸ਼ੀ, ਸੰਗੀਤਾ ਗੁਪਤਾ ਕੋਂਸਲਰ, ਸੀਤਾ ਦੇਵੀ, ਸ਼ਵਿੰਦਰ ਨਿਸ਼ਚਲ, ਸੁਮਨ ਸ਼ਰਮਾ, ਹਰਜੀ ਮਾਨ, ਕਰਮਦੀਪ ਕੰਮਾ, ਸੌਰਵ ਖੁੱਲਰ, ਦੇਸਰਾਜ ਝਮਟ, ਬਿੱਟੂ ਜਮਾਲਪੁਰ, ਸੰਤੋਖ ਰਾਏ ਨਰੂੜ, ਦੀਪ ਸਿੰਘ ਹਰਦਾਸਪੁਰ ਆਦਿ ਵੀ ਹਾਜਰ ਸਨ।