ludhiana kabaddi tournament: ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਦਾ ਰਹੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਆਪਣੀ ਗਤੀਵਿਧੀਆਂ ਕਰਵਾਉਣ ਬਾਰੇ ਆਦੇਸ਼ ਦਿੱਤੇ ਗਏ ਹਨ । ਜਿਸ ਤਹਿਤ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਲੁਧਿਆਣਾ ਵਿੱਚ ਸਬ-ਡਵੀਜ਼ਨ ਪੱਧਰ ਦੇ 7 ਕਬੱਡੀ ਟੂਰਨਾਮੈਂਟ (ਨੈਸ਼ਨਲ ਸਟਾਈਲ) ਕਰਵਾਏ ਜਾ ਰਹੇ ਹਨ । ਇਹ ਟੂਰਨਾਮੈਂਟ 16 ਜੁਲਾਈ ਤੋਂ ਲੈ ਕੇ 19 ਜੁਲਾਈ ਤੱਕ ਕਰਵਾਏ ਜਾਣਗੇ । ਇਹ ਮੁਕਾਬਲੇ ਅੰਡਰ-14, 18 ਅਤੇ 25 (ਲੜਕੇ/ਲੜਕੀਆਂ) ਵਰਗ ਵਿੱਚ ਕਰਵਾਏ ਜਾਣਗੇ ।

ਇਨ੍ਹਾਂ ਦਾ ਵੇਰਵਾ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ੍ਰ. ਰਵਿੰਦਰ ਸਿੰਘ ਨੇ ਦੱਸਿਆ ਕਿ ਮਿਤੀ 16 ਅਤੇ 17 ਜੁਲਾਈ ਨੂੰ ਸਬ-ਡਿਵੀਜਨ ਲੁਧਿਆਣਾ (ਪੱਛਮੀ) ਦਾ ਟੂਰਨਾਮੈਂਟ ਪਿੰਡ ਥਰੀਕੇ ਵਿਖੇ, ਲੁਧਿਆਣਾ (ਪੂਰਬੀ) ਦਾ ਪਿੰਡ ਖਾਸੀ ਕਲਾਂ ਵਿਖੇ, ਰਾਏਕੋਟ ਦਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਵਿਖੇ ਕਰਵਾਇਆ ਜਾਵੇਗਾ । ਇਸੇ ਤਰ੍ਹਾਂ 18 ਅਤੇ 19 ਜੁਲਾਈ ਨੂੰ ਸਬ-ਡਿਵੀਜਨ ਜਗਰਾਓਂ ਦਾ ਪਿੰਡ ਸਲੇਮਪੁਰਾ ਵਿਖੇ, ਖੰਨਾ ਦਾ ਨਰੇਸ਼ ਚੰਦਰ ਸਟੇਡੀਅਮ ਖੰਨਾ ਵਿਖੇ, ਸਮਰਾਲਾ ਦਾ ਪਿੰਡ ਕੁੱਬੇ ਵਿਖੇ ਅਤੇ ਪਾਇਲ ਦਾ ਟੂਰਨਾਮੈਂਟ ਪਿੰਡ ਰਾਮਪੁਰ ਵਿਖੇ ਕਰਵਾਇਆ ਜਾਵੇਗਾ ।

ਉਨ੍ਹਾਂ ਇਹ ਵੀ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖ਼ਿਡਾਰੀ ਆਪਣੇ ਨਾਲ ਉਮਰ ਦਾ ਸਬੂਤ ਨਾਲ ਲੈ ਕੇ ਆਉਣ । ਉਨ੍ਹਾਂ ਕਿਹਾ ਕਿ ਭਾਗ ਲੈਣ ਵਾਲੇ ਖ਼ਿਡਾਰੀਆਂ ਨੂੰ ਰਿਫਰੈੱਸ਼ਮੈਂਟ ਅਤੇ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ । ਸਬ-ਡਿਵੀਜਨ ਪੱਧਰ ਦੇ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੇ ਖ਼ਿਡਾਰੀਆਂ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ ।