KPL Betting: ਕਰਨਾਟਕ ਪ੍ਰੀਮੀਅਰ ਲੀਗ (KPL) ਪਿਛਲੇ ਕੁਝ ਸਮੇਂ ਤੋਂ ਸੱਟੇਬਾਜ਼ੀ ਅਤੇ ਸਪਾਟ ਫਿਕਸਿੰਗ ਕਾਰਨ ਸੁਰਖੀਆਂ ਵਿੱਚ ਹੈ । IPL ਦੀ ਤਰਜ ‘ਤੇ ਫ੍ਰੈਂਚਾਈਜ਼ੀ ਆਧਾਰਿਤ ਹੋਣ ਵਾਲੀ KPL ਵਿੱਚ ਸੱਟੇਬਾਜ਼ੀ ਅਤੇ ਫਿਕਸਿੰਗ ਨੂੰ ਲੈ ਕੇ ਹੁਣ ਤੱਕ ਕੁਝ ਕ੍ਰਿਕਟਰ ਪੁਲਿਸ ਦੀ ਪਕੜ ਵਿੱਚ ਆ ਚੁੱਕੇ ਹਨ ।

ਇਸ ਮਾਮਲੇ ਵਿੱਚ ਜਾਂਚ ਦੌਰਾਨ ਕਈ ਵੱਡੇ ਖੁਲਾਸੇ ਹੋ ਸਕਦੇ ਹਨ । ਇਸ ਮਾਮਲੇ ਵਿੱਚ ਹੁਣ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ICC) ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੀ ਚੁਕੰਨੇ ਹੋ ਗਏ ਹਨ । ICC ਤੇ BCCI ਵੱਲੋਂ ਬਿਨ੍ਹਾਂ ਕਿਸੇ ਸ਼ਰਤ ਦੇ ਪੁਲਿਸ ਨੂੰ ਆਪਣਾ ਸਹਿਯੋਗ ਦੇਣ ਦੀ ਗੱਲ ਕਹੀ ਗਈ ਹੈ ।

ਜ਼ਿਕਰਯੋਗ ਹੈ ਕਿ ਸਾਲ 2000 ਵਿੱਚ ਜਦੋਂ ਕ੍ਰਿਕਟ ‘ਤੇ ਮੈਚ ਫਿਕਸਿੰਗ ਦਾ ਸਾਇਆ ਮੰਡਰਾਇਆ ਸੀ ਤਾਂ ਉਸ ਸਮੇਂ ICC ਵੱਲੋਂ ਐਂਟੀ ਕਰੱਪਸ਼ਨ ਐਂਡ ਸਕਿਊਰਿਟੀ ਯੂਨਿਟ ਦੀ ਸਥਾਪਨਾ ਕੀਤੀ ਗਈ ਸੀ । ਦੱਸਿਆ ਜਾ ਰਿਹਾ ਹੈ ਕਿ KPL ਵਿੱਚ ਹੋ ਰਹੀ ਸੱਟੇਬਾਜ਼ੀ ਨੂੰ ਲੈ ਕੇ ICC ਵੱਲੋਂ ਬੈਂਗਲੁਰੂ ਪੁਲਿਸ ਨਾਲ ਰਾਬਤਾ ਕੀਤਾ ਗਿਆ ਹੈ । ਇਸ ਸਬੰਧੀ ਸੈਂਟ੍ਰਲ ਕ੍ਰਾਈਮ ਬ੍ਰਾਂਚ ਦੇ ਡਿਪਟੀ ਕਮਿਸ਼ਨਰ ਪੁਲਿਸ ਕੁਲਦੀਪ ਜੈਨ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਇਕ ਦੂਜੇ ਦੇ ਸਹਿਯੋਗ ਨਾਲ ਕੰਮ ਕਰ ਰਹੇ ਹਨ ।

ਉੱਥੇ ਹੀ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ BCCI ਵੀ ਇਸ ਪੂਰੇ ਮਾਮਲੇ ਵਿੱਚ ਸ਼ਾਮਿਲ ਹੋਵੇਗੀ । ਵਧੇਰੇ ਜਾਣਕਾਰੀ ਦਿੰਦਿਆਂ ਕੁਲਦੀਪ ਜੈਨ ਨੇ ਦੱਸਿਆ ਕਿ BCCI ਵੱਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ । ਜੈਨ ਨੇ ਦੱਸਿਆ ਕਿ ਭਾਰਤੀ ਬੋਰਡ ਦੇ ਅਧਿਕਾਰੀਆਂ ਵੱਲੋਂ ਇੱਕ ਬੈਠਕ ਲਈ ਪੁਲਿਸ ਨਾਲ ਰਾਬਤਾ ਕੀਤਾ ਗਿਆ ਹੈ ।