Rajiv Gandhi statue: ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲਣ ਦੇ ਮਾਮਲੇ ‘ਚ ਸਿਆਸਤ ਭਖਦੀ ਜਾ ਰਹੀ ਹੈ। ਇਸ ਮਾਮਲੇ ‘ਚ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਾਦਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਦੋਹਰੇ ਮਾਪਦੰਡਾਂ ਕਾਰਨ ਦੇਸ਼ ‘ਚ ਹਜ਼ਾਰਾਂ ਸਿੱਖਾਂ ਦੇ ਹੋਏ ਕਤਲੇਆਮ ਬਾਰੇ ਤਾਂ ਬੋਲਦੇ ਨਹੀਂ, ਇਸ ਦੇ ਉਲਟ ਚਮਚਾਗਿਰੀ ਦੇ ਚਲਦਿਆਂ ਉਨ੍ਹਾਂ ਸਿੱਖ ਨੌਜਵਾਨਾਂ ‘ਤੇ 5 ਮਿੰਟਾਂ ‘ਚ ਪਰਚੇ ਦਰਜ ਕਰ ਦਿੱਤੇ। ਉਨ੍ਹਾਂ ਸਿੱਖਾਂ ਦਾ ਦੋਸ਼ ਇਹੀ ਸੀ ਕਿ ਉਨ੍ਹਾਂ ਨੇ ਕੌਮ ਦੇ ਦੁਸ਼ਮਣ ਦਾ ਮੂੰਹ ਕਾਲਾ ਕੀਤਾ।

ਸੁਖਬੀਰ ਬਾਦਲ ਨੇ ਉਕਤ ਘਟਨਾ ਦਾ ਹਵਾਲਾ ਦਿੰਦੇ ਕਿਹਾ ਕਿ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਸੀ, ਉਸ ਸਮੇਂ ਕਾਂਗਰਸ ਸਰਕਾਰ ਵੇਲੇ ਕੋਈ ਕੇਸ ਰਜਿਸਟਰਡ ਨਹੀਂ ਹੋਇਆ ਨਾ ਹੀ ਚਾਰ ਦਿਨ ਪੁਲਸ ਲੱਭੀ। ਹੁਣ ਜਦੋਂ ਸਿੱਖ ਨੌਜਵਾਨਾਂ ਨੇ ਭਾਵਨਾ ਜਾਗਣ ਤੇ ਕੌਮ ਦੇ ਦੁਸ਼ਮਣਾਂ ਦਾ ਮੂੰਹ ਕਾਲਾ ਕਰ ਦਿੱਤਾ ਹੈ ਤਾਂ ਕੈਪਟਨ ਸਰਕਾਰ ਨੇ ਪੰਜਾ ਮਿੰਟਾਂ ‘ਚ ਪਰਚਾ ਦੇ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਅੱਜ ਤਾਂ ਹਾਈਕੋਰਟ ਨੇ ਵੀ ਮੋਹਰ ਲਗਾ ਦਿੱਤੀ ਹੈ ਕਿ ਕਾਂਗਰਸ ਅਤੇ ਗਾਂਧੀ ਪਰਿਵਾਰ ਦੇ ਹੁਕਮ ‘ਤੇ ਇਹ ਸਾਰਾ ਕੰਮ ਹੋਇਆ ਸੀ ਫਿਰ ਵੀ ਪੰਜਾਬ ਦੇ ਕਾਂਗਰਸੀ ਚਮਚਾਗਿਰੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਹੈਰਾਨੀ ਹੋਈ ਜਦੋ ਕਾਂਗਰਸੀ ਸਿੱਖ ਪੱਗ ਨਾਲ ਉਹ ਕਾਲਖ ਸਾਫ ਕਰ ਰਿਹਾ ਹੈ।

ਉਨ੍ਹਾਂ ਨੇ ਇਸ ਵਰਤਾਰੇ ਦੀ ਸਖਤ ਸ਼ਬਦਾਂ ‘ਚ ਨਿੰਦਿਆਂ ਕਰਦੇ ਕਿਹਾ ਕਿ ਦਸਤਾਰ ਗੁਰੂ ਸਾਹਿਬ ਵੱਲੋਂ ਦਿੱਤੀ ਗਈ ਹੈ, ਜਿਸ ਦੀ ਸ਼ਾਨ ਬਰਕਰਾਰ ਰੱਖਣੀ ਹਰ ਸਿੱਖ ਦਾ ਫਰਜ਼ ਹੈ।

ਸੁਖਬੀਰ ਬਾਦਲ ਹਲਕਾ ਇੰਚਾਰਜ ਅਕਾਲੀ ਦਲ ਅਰਵਿੰਦਰ ਸਿੰਘ ਰਸੂਲਪੁਰ ਦੇ ਪਿਤਾ ਚੰਨਣ ਸਿੰਘ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਪਿੰਡ ਰਸੂਲਪੁਰ ਆਏ ਹੋਏ ਸਨ। ਇਸ ਦੌਰਾਨ ਉਹਨਾਂ ਨੇ ਇਹ ਬਿਆਨ ਦਿੱਤਾ। ਜਿਕਰਯੋਗ ਹੈ ਕਿ ਦੱਸ ਦਈਏ ਕਿ ਕਿ ਬੀਤੇ ਦਿਨ ਲੁਧਿਆਣਾ ਵਿਖੇ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਵੱਲੋਂ ਰਾਜੀਵ ਗਾਂਧੀ ਤੋਂ ਭਾਰਤ ਰਤਨ ਲੈਣ ਦੀ ਮੰਗ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਦਾ ਬੁੱਤ ਕਾਲਾ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਗੋਸ਼ਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
