ਡੇਰਾਬੱਸੀ – ਬਰਵਾਲਾ ਰੋਡ ਸਥਿਤ ਜੀ. ਬੀ. ਪੀ.ਈਕੋ ਗ੍ਰੀਨ ਵਿਚ ਪੰਜ ਦਿਨ ਪਹਿਲਾਂ ਵਿਆਹ ਕਰਕੇ ਆਈ ਇਕ ਨਵ-ਵਿਆਹੁਤਾ ਆਪਣੇ ਪਤੀ ਨੂੰ ਨਸ਼ੀਲੀ ਦਵਾਈ ਪਿਲਾ ਕੇ ਨਕਦੀ, ਗਹਿਣੇ ਤੇ ਹੋਰ ਕੀਮਤੀ ਸਾਮਾਨ ਲੈ ਕੇ ਰਫੂਚੱਕਰ ਹੋ ਗਈ। ਪੁਲਸ ਨੇ ਪੀੜਤ ਦੀਪਕ ਕੁਮਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਫਰਾਰ ਨਵ-ਵਿਆਹੁਤਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਰਾਤ ਨੂੰ ਨਿੰਬੂ ਪਾਣੀ ਪੀਂਦੇ ਹੀ ਹੋ ਗਿਆ ਬੇਹੋਸ਼
ਦੀਪਕ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਇਥੇ ਰਹਿੰਦਾ ਹੈ। 19 ਅਪ੍ਰੈਲ ਨੂੰ ਉਸ ਦਾ ਵਿਆਹ ਪੰਚਕੂਲਾ ਦੇ ਪਿੰਡ ਬੀਰ ਘੱਗਰ (ਚੰਡੀ ਮੰਦਿਰ) ਨਿਵਾਸੀ ਰੰਜੀਤਾ (25) ਪੁੱਤਰੀ ਨਰੇਸ਼ ਕੁਮਾਰ ਨਾਲ ਹੋਇਆ। 20 ਅਪ੍ਰੈਲ ਨੂੰ ਡੇਰਾਬੱਸੀ ਵਿਚ ਰਿਸੈਪਸ਼ਨ ਪਾਰਟੀ ਰੱਖੀ ਗਈ। ਦੀਪਕ ਨੇ ਦੱਸਿਆ ਕਿ ਸੁਹਾਗ ਰਾਤ ਵਾਲੇ ਦਿਨ ਉਸ ਦੀ ਪਤਨੀ ਨੇ ਉਸ ਨੂੰ ਦੱਸਿਆ ਕਿ ਉਸ ਦੇ ਘਰ ਵਾਲਿਆਂ ਨੇ ਉਸ ਦੀ ਮਰਜ਼ੀ ਵਿਰੁੱਧ ਇਹ ਵਿਆਹ ਕੀਤਾ ਹੈ ਅਤੇ ਉਹ ਇਸ ਤੋਂ ਖੁਸ਼ ਨਹੀਂ ਹੈ।
ਦੀਪਕ ਨੇ ਇਸ ਦੀ ਜਾਣਕਾਰੀ ਲੜਕੀ ਦੇ ਮਾਤਾ-ਪਿਤਾ ਨੂੰ ਦਿੱਤੀ, ਜਿਨ੍ਹਾਂ ਨੇ ਸਭ ਕੁਝ ਠੀਕ ਹੋ ਜਾਣ ਦਾ ਭਰੋਸਾ ਦਿੱਤਾ। ਦੀਪਕ ਨੇ ਦੱਸਿਆ ਕਿ ਰੰਜੀਤਾ ਨੇ ਉਸ ਦੇ ਨਾਲ ਸਬੰਧ ਬਣਾਉਣ ਲਈ ਦੋ ਮਹੀਨਿਆਂ ਦਾ ਸਮਾਂ ਮੰਗਿਆ। ਬੀਤੀ ਰਾਤ ਉਸ ਦੀ ਮਾਂ ਸ਼ਰਮੀਲਾ ਤੇ ਭੈਣ ਆਂਚਲ ਪਹਿਲੀ ਮੰਜ਼ਿਲ ‘ਤੇ ਸੌਣ ਚਲੀਆਂ ਗਈਆਂ। ਉਸਨੂੰ ਸੌਣ ਤੋਂ ਪਹਿਲਾਂ ਰੰਜੀਤਾ ਨੇ ਨਿੰਬੂ ਪਾਣੀ ਦਾ ਗਿਲਾਸ ਦਿੱਤਾ, ਜਿਸ ਨੂੰ ਪੀਣ ਤੋਂ ਬਾਅਦ ਉਸ ਨੂੰ ਨੀਂਦ ਆ ਗਈ।
ਅੱਖ ਖੁੱਲ੍ਹੀ ਤਾਂ ਗਾਇਬ ਸੀ
ਤੜਕੇ ਮਾਂ ਤੇ ਭੈਣ ਦੀ ਅੱਖ ਖੁੱਲ੍ਹੀ ਤਾਂ ਰੰਜੀਤਾ ਨੂੰ ਘਰੋਂ ਗਾਇਬ ਪਾਇਆ। ਇਸ ਦੌਰਾਨ ਉਨ੍ਹਾਂ ਨੇ ਕਮਰਿਆਂ ਵਿਚ ਖੁੱਲ੍ਹੀਆਂ ਅਲਮਾਰੀਆਂ ਤੇ ਗਹਿਣਿਆਂ ਦੇ ਖਾਲੀ ਡੱਬੇ ਦੇਖੇ ਤਾਂ ਹੈਰਾਨ ਰਹਿ ਗਈਆਂ। ਦੀਪਕ ਨੂੰ ਵਾਰ-ਵਾਰ ਉਠਾਉਣ ‘ਤੇ ਉਹ ਉੱਠ ਨਹੀਂ ਰਿਹਾ ਸੀ। ਘਰ ਵਾਲਿਆਂ ਤੇ ਗੁਆਂਢੀਆਂ ਨੇ ਉਸ ਨੂੰ ਦਵਾਈਆਂ ਦਿੱਤੀਆਂ ਤਾਂ ਉਹ ਹੋਸ਼ ਵਿਚ ਆਇਆ। ਰੰਜੀਤਾ ਦਾ ਫੋਨ ਸਵਿੱਚ ਆਫ ਮਿਲਿਆ। ਦੀਪਕ ਨੇ ਦੋਸ਼ ਲਾਇਆ ਕਿ ਕੱਪੜਿਆਂ ਦੇ ਇਕ ਬੈਗ ਤੋਂ ਇਲਾਵਾ 10 ਤੋਲੇ ਸੋਨੇ ਦੇ ਗਹਿਣੇ, ਇਕ ਅੰਗੂਠੀ, ਗਲੇ ਦੀ ਚੇਨ, ਟਾਈਟਨ ਘੜੀ, ਚਾਂਦੀ ਦੀ ਚੇਨ, ਮਾਤਾ ਦੇ ਗਹਿਣੇ ਘਰੋਂ ਗਾਇਬ ਮਿਲੇ ਹਨ। ਇਸ ਦੇ ਇਲਾਵਾ ਇਕ ਲੱਖ ਰੁਪਏ ਦੀ ਨਕਦੀ ਵੀ ਗਾਇਬ ਹੈ। ਇਸ ਵਿਚੋਂ 30 ਹਜ਼ਾਰ ਰੁਪਏ ਦੀਪਕ ਦੇ ਪਰਸ ਵਿਚੋਂ ਕੱਢੇ ਗਏ। ਦੀਪਕ ਅਨੁਸਾਰ ਰੰਜੀਤਾ ਆਪਣੇ ਪੇਕਿਆਂ ਤੋਂ ਕੋਈ ਗਹਿਣਾ ਨਹੀਂ ਲਿਆਈ ਸੀ।
ਘਰ ਦੀ ਪਿਛਲੀ ਕੰਧ ਟੱਪ ਕੇ ਹੋਈ ਫਰਾਰ
ਏ. ਐੱਸ. ਆਈ. ਕੇਵਲ ਸਿੰਘ ਨੇ ਕਿਹਾ ਕਿ ਮੁਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਰੰਜੀਤਾ ਦਾ ਕਿਸੇ ਲੜਕੇ ਨਾਲ ਅਫੇਅਰ ਸੀ। ਬੀਤੀ ਰਾਤ ਉਹ ਆਪਣੇ ਪਤੀ ਨੂੰ ਕੋਈ ਨਸ਼ੀਲੀ ਦਵਾਈ ਪਿਲਾ ਕੇ ਘਰ ਦੀ ਪਿਛਲੀ ਕੰਧ ਤੋਂ ਫਰਾਰ ਹੋ ਗਈ। ਘਰ ਦੇ ਪਿਛਲੇ ਪਾਸੇ ਬੀੜੀਆਂ ਦੇ ਦੋ ਟੋਟੇ ਬਰਾਮਦ ਹੋਏ ਅਤੇ ਛਾਣਬੀਣ ਵਿਚ ਪਤਾ ਲੱਗਾ ਕਿ ਦੀਪਕ ਦੇ ਘਰ ਵਿਚ ਕੋਈ ਬੀੜੀ ਨਹੀਂ ਪੀਂਦਾ। ਘਰ ਦੇ ਪਿੱਛੇ ਖੇਤ ਹਨ। ਕੰਧ ਟੱਪਣ ‘ਤੇ ਇਸ ਖੇਤ ਵਿਚ ਇਕ ਤੋਂ ਜ਼ਿਆਦਾ ਵਿਅਕਤੀਆਂ ਦੇ ਬੂਟਾਂ ਦੇ ਨਿਸ਼ਾਨ ਵੀ ਦਿਸ ਰਹੇ ਹਨ। ਰੰਜੀਤਾ ਦੇ ਫੋਨ ਦੀ ਕਾਲ ਡਿਟੇਲ ਕੱਢ ਕੇ ਮਾਮਲੇ ਦੀ ਤਫਤੀਸ਼ ਕੀਤੀ ਜਾਵੇਗੀ। ਉਸ ਦਾ ਮੋਬਾਇਲ ਬੰਦ ਹੈ।
ਰੰਜੀਤਾ ਦੇ ਪਿਤਾ ਨੇ ਸਹੁਰੇ ਪਰਿਵਾਰ ‘ਤੇ ਲਾਇਆ ਦੋਸ਼
ਓਧਰ ਪੁਲਸ ਥਾਣੇ ਪਹੁੰਚੇ ਰੰਜੀਤਾ ਦੇ ਪਿਤਾ, ਵਿਚੋਲੇ ਸਮੇਤ ਰਿਸ਼ਤੇਦਾਰਾਂ ਨੇ ਪਹਿਲਾਂ ਦੀਪਕ ਸਮੇਤ ਪਰਿਵਾਰ ‘ਤੇ ਹੀ ਦੋਸ਼ ਮੜ੍ਹ ਦਿੱਤੇ ਕਿ ਉਹ ਰੰਜੀਤਾ ਨੂੰ ਦਾਜ ਦੀ ਮੰਗ ਲਈ ਤੰਗ-ਪ੍ਰੇਸ਼ਾਨ ਕਰਦੇ ਸੀ। ਪਿਤਾ ਨਰੇਸ਼ ਨੇ ਲਿਖਤੀ ਸ਼ਿਕਾਇਤ ਦੇ ਕੇ ਇਹ ਵੀ ਦੋਸ਼ ਲਾਇਆ ਕਿ ਰੰਜੀਤਾ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਜਾਂ ਤਾਂ ਲੁਕੋ ਦਿੱਤਾ ਹੈ ਜਾਂ ਫਿਰ ਜਾਨੋਂ ਮਾਰ ਦਿੱਤਾ ਹੈ।