Sri Kartarpur Sahib Pilgrims: ਡੇਰਾ ਬਾਬਾ ਨਾਨਕ: ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਤੋਂ ਬਾਅਦ ਐਤਵਾਰ ਨੂੰ ਸਭ ਤੋਂ ਵੱਧ ਯਾਨੀ ਕਿ 1512 ਸ਼ਰਧਾਲੂ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ । ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦਿਨੋ-ਦਿਨ ਵੱਧ ਰਹੀ ਸੰਗਤ ਨਾਲ ਜਿਥੇ ਡੇਰਾ ਬਾਬਾ ਨਾਨਕ ਦੀ ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ, ਉਥੇ ਹੀ ਪਾਕਿਸਤਾਨੀ ਪ੍ਰਬੰਧਕਾਂ ਵੱਲੋਂ ਵੀ ਸੰਗਤ ਦਾ ਜੋਸ਼ੋ-ਖਰੋਸ਼ ਨਾਲ ਸਵਾਗਤ ਕੀਤਾ ਗਿਆ ।

ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਪਰਤੇ ਮੇਜਰ ਸਿੰਘ, ਹਰਭਜਨ ਸਿੰਘ ਅਤੇ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਭਾਰਤ ਵਾਲੇ ਪਾਸੇ ਕਰਤਾਰਪੁਰ ਟਰਮੀਨਲ ‘ਤੇ ਬਣੇ ਇਮੀਗ੍ਰੇਸ਼ਨ ਕਾਊਂਟਰਾਂ ‘ਤੇ ਜਦੋਂ ਬਜ਼ੁਰਗਾਂ ਨੂੰ ਹਿੰਦੀ ਜਾਂ ਅੰਗਰੇਜ਼ੀ ਵਿੱਚ ਮੋਬਾਇਲ ਨੰਬਰ ਪੁੱਛਿਆ ਜਾਂਦਾ ਹੈ ਤਾਂ ਉਹ ਅਸਹਿਜ ਹੋ ਜਾਂਦੇ ਹਨ ।

ਇਸ ਮਾਮਲੇ ਵਿੱਚ ਸੰਗਤ ਦਾ ਕਹਿਣਾ ਹੈ ਕਿ ਪੜ੍ਹੇ-ਲਿਖੇ ਨੌਜਵਾਨ ਤਾਂ ਹਰ ਗੱਲ ਨੂੰ ਚੰਗੀ ਤਰ੍ਹਾਂ ਨਾਲ ਸਮਝ ਲੈਂਦੇ ਹਨ, ਪਰ ਬਜ਼ੁਰਗਾਂ ਨੂੰ ਇਸ ਸਬੰਧੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਸੰਗਤ ਨੇ ਦੱਸਿਆ ਕਿ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਲੰਗਰ ਵਰਤਾਉਣ ਦੀ ਸੇਵਾ ਤਾਂ ਨਿਭਾ ਸਕਦੇ ਹਨ, ਪਰ ਉਥੇ ਰੋਟੀਆਂ ਬਣਾਉਣ ਵਾਲੀਆਂ ਬੀਬੀਆਂ ਕਾਫੀ ਘੱਟ ਹਨ । ਜਿਸ ਕਾਰਨ ਭਾਰਤ ਵਾਲੇ ਪਾਸਿਓਂ ਔਰਤਾਂ ਨੂੰ ਜਾ ਕੇ ਸੇਵਾ ਕਰਨੀ ਚਾਹੀਦੀ ਹੈ ।

ਇਸ ਤੋਂ ਇਲਾਵਾ ਸੰਗਤਾਂ ਨੇ ਦੱਸਿਆ ਕਿ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਪ੍ਰਬੰਧਕ ਉਨ੍ਹਾਂ ਨੂੰ ਅਦਰਕ, ਪਿਆਜ਼ ਤੇ ਟਮਾਟਰ ਲਿਆਉਣ ਲਈ ਕਹਿੰਦੇ ਸਨ, ਪਰ ਹੁਣ ਸੰਗਤਾਂ ਵਲੋਂ ਕਾਫੀ ਵਧੇਰੇ ਮਾਤਰਾ ਵਿੱਚ ਇਸ ਰਸਦ ਨੂੰ ਪਹੁੰਚਾਇਆ ਗਿਆ ਹੈ ।