toy pistol loot people: ਮੋਗਾ: ਅੱਜ ਦੇ ਸਮੇਂ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਬਹੁਤ ਜਿਆਦਾ ਵੱਧ ਗਈਆਂ ਹਨ। ਆਏ ਦਿਨ ਰੋਜ਼ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਪਰ ਹੁਣ ਪੁਲਿਸ ਦੇ ਵੱਲੋਂ ਇਨ੍ਹਾਂ ਵਾਰਦਾਤਾਂ ਨੂੰ ਘਟਾਉਣ ਦੇ ਲਈ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਵਿੱਚ ਪੁਲਿਸ ਨੂੰ ਕਾਫ਼ੀ ਹੱਦ ਤੱਕ ਸਫਲਤਾ ਵੀ ਮਿਲੀ ਹੈ। ਅਜਿਹਾ ਹੀ ਇੱਕ ਮਾਮਲਾ ਮੋਗਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਮੋਗਾ ਪੁਲਿਸ ਵਲੋਂ ਖਿਡੌਣਾ ਪਿਸਤੋਲ ਦੀ ਨੋਕ ‘ਤੇ ਗੱਡੀਆਂ ਅਤੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਨਕਦੀ ਖੋਹਣ ਵਾਲੇ ਗਿਰੋਹ ਦੇ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਪੁਲਸ ਨੇ ਦੋ ਖੋਹੀਆਂ ਗਈਆਂ ਗੱਡੀਆਂ ਸਮੇਤ ਉਕਤ ਗਿਰੋਹ ਦੇ ਦੋ ਮੈਂਬਰਾਂ ਨੂੰ ਦੋ ਖਿਡੌਣਿਆਂ ਪਿਸਤੋਲ ਸਮੇਤ ਗ੍ਰਿਫਤਾਰ ਕੀਤਾ। ਉਕਤ ਗਿਰੋਹ ਦੇ ਦੋਨੋਂ ਮੈਂਬਰ ਬੀਤੀ 25 ਮਾਰਚ ਨੂੰ ਪੁਲਿਸ ਨਾਕਾਬੰਦੀ ਦੇ ਦੌਰਾਨ ਖੋਹੀ ਗਈ ਇੰਡੀਗੋ ਗੱਡੀ ਸਮੇਤ ਫਰਾਰ ਹੋ ਗਏ ਸਨ।

ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਬੱਧਨੀ ਨੇ ਦੱਸਿਆ ਕਿ ਆਈ ਜੀ ਫਿਰੋਜਪੁਰ ਰੇਂਜ ਮੁਖਵਿੰਦਰ ਸਿੰਘ ਛੀਨਾ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਪੁਲਿਸ ਮੁਖੀ ਜਲੰਧਰ ਦੇਹਾਤੀ, ਫਿਰੋਜਪੁਰ, ਬਠਿੰਡਾ, ਕਪੂਰਥਲਾ ਦੇ ਸਹਿਯੋਗ ਨਾਲ ਚਲਾਏ ਗਏ ਇਕ ਆਪ੍ਰੇਸ਼ਨ ਦੌਰਾਨ ਖਿਡੌਣਾ ਪਿਸਤੌਲ ਦੇ ਬਲ ‘ਤੇ ਗੱਡੀਆਂ ਖੋਹਣ ਵਾਲੇ ਗਿਰੋਹ ਦੇ ਦੋ ਮੈਂਬਰ ਪ੍ਰਭਜੀਤ ਸਿੰਘ ਉਰਫ ਪ੍ਰਭੂ ਨਿਵਾਸੀ ਪਿੰਡ ਤਿਮੋਵਾਲ (ਸ੍ਰੀ ਅੰਮ੍ਰਿਤਸਰ ਸਾਹਿਬ) ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਨਿਵਾਸੀ ਪਿੰਡ ਥਾਰੜ (ਸ਼੍ਰੀ ਮੁਕਤਸਰ ਸਾਹਿਬ) ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਉਸਦਾ ਤੀਸਰਾ ਸਾਥੀ ਗੁਰਪ੍ਰੀਤ ਸਿੰਘ ਉਰਫ ਬਿੱਲਾ ਦੀ ਗ੍ਰਿਫਤਾਰੀ ਬਾਕੀ ਹੈ. ਇਸ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਜਦੋਂ ਲੋਪੋ ਪੁਲਿਸ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਨੇ ਨਾਕਾਬੰਦੀ ਦੇ ਦੌਰਾਨ ਇਕ ਇੰਡੀਗੋ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਪ੍ਰਭਜੀਤ ਸਿੰਘ ਉਰਫ ਪ੍ਰਭੂ ਅਤੇ ਉਸਦਾ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਗੱਡੀ ਦੇ ਕੋਈ ਦਸਤਾਵੇਜ ਨਾ ਦਿਖਾ ਸਕੇ। ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਤੁਰੰਤ ਗੱਡੀ ਸਮੇਤ ਅਪਣੀ ਹਿਰਾਸਤ ਵਿੱਚ ਲੈ ਲਿਆ।

ਇਸ ਮਾਮਲੇ ਵਿੱਚ ਪੁੱਛਗਿੱਛ ਦੌਰਾਨ ਕਥਿਤ ਮੁਲਜ਼ਮਾਂ ਨੇ ਦੱਸਿਆ ਕਿ ਉਨਾਂ ਨੂੰ 27 ਮਾਰਚ ਨੂੰ ਸਵੇਰੇ ਜਲੰਧਰ ਰੇਲਵੇ ਸਟੇਸ਼ਨ ਤੋਂ ਇਕ ਇੰਡੀਗੋ ਗੱਡੀ ਕਿਰਾਏ ‘ਤੇ ਲਈ ਸੀ। ਜਦੋਂ ਉਹ ਸ਼ਾਹਕੋਟ ਦੇ ਨੇੜੇ ਪਹੁੰਚੇ ਤਾਂ ਖਿਡੌਣਾ ਪਿਸਤੋਲ ਦੇ ਬਲ ‘ਤੇ ਉਨਾਂ ਨੇ ਉਹ ਗੱਡੀ ਖੋਹ ਲਈ। ਇਸ ਤਰ੍ਹਾਂ ਉਨਾਂ ਨੇ ਇਸ ਤੋਂ ਪਹਿਲਾਂ ਇਕ ਇੰਡੀਗੋ ਕਾਰ ਅੰਬਾਲਾ ਤੋਂ ਕਿਰਾਏ ‘ਤੇ ਕੀਤੀ ਸੀ ਅਤੇ ਜਲੰਧਰ ਦੇ ਨੇੜੇ ਪਿੰਡ ਮੰਡ ਦੇ ਕੋਲ ਖਿਡੌਣਾ ਪਿਸਤੌਲ ਦੀ ਨੋਕ ‘ਤੇ ਉਸ ਨੂੰ ਖੋਹ ਲਿਆ ਸੀ। ਉਨਾਂ ਨੇ ਕਿਹਾ ਕਿ ਜਦ ਉਹ ਇੰਡੀਗੋ ਕਾਰ ਤੇ ਬੱਧਨੀ ਕਲਾਂ ਇਲਾਕੇ ਵਿੱਚ ਪੈਂਦੇ ਪਿੰਡ ਬੁੱਟਰ ਕਲਾਂ ਦੇ ਕੋਲ ਜਾ ਰਹੇ ਸੀ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਅਸੀਂ ਗੱਡੀ ਖੜੀ ਕਰਕੇ ਫਰਾਰ ਹੋ ਗਏ ਸਨ। ਜਦਕਿ ਉਨਾਂ ਦਾ ਇਕ ਸਾਥੀ ਗੁਰਪ੍ਰੀਤ ਸਿੰਘ ਉਰਫ ਬਿੱਲਾ ਨਿਵਾਸੀ ਪਿੰਡ ਏਕਲ ਗੱਡਾ (ਸ੍ਰੀ ਅੰਮ੍ਰਿਤਸ ਸਾਹਿਬ) ਵੀ ਵਾਰਦਾਤਾਂ ਵਿੱਚ ਸਾਡੇ ਨਾਲ ਸੀ।

ਉਨਾਂ ਨੇ ਕਿਹਾ ਕਿ ਪੁੱਛਗਿੱਛ ਕਰਨ ਤੇ ਉਨਾਂ ਨੇ ਦੱਸਿਆ ਕਿ ਬੀਤੀ 25 ਮਾਰਚ ਨੂੰ ਜ਼ਿਲਾ ਫਰੀਦਕੋਟ ਦੇ ਅਧੀਨ ਪੈਂਦੇ ਪਿੰਡ ਬਰਗਾੜੀ ਵਿੱਚ ਸਥਿਤ ਕਿਸਾਨ ਪੈਟਰੋਲ ਪੰਪ ਦੇ ਕਰਿੰਦੇ ਤੋਂ ਗੱਡੀ ਵਿੱਚ ਤੇਲ ਪੁਆ ਕੇ ਉਸ ਨੂੰ ਖਿਡੌਣਾ ਪਿਸਤੋਲ ਦਾ ਬੱਟ ਮਾਰ ਕੇ 10 ਹਜ਼ਾਰ ਰੁਪਏ ਖੋਹੇ ਸਨ। ਇਸ ਮੌਕੇ ਡੀ.ਐੱਸ.ਪੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪ੍ਰਭਜੀਤ ਸਿੰਘ ਉਰਫ ਪ੍ਰਭ ਦੇ ਖਿਲਾਫ 7 ਵੱਖ-ਵੱਖ ਥਾਣਿਆਂ ਛਾਉਣੀ ਸ੍ਰੀ ਅੰਮ੍ਰਿਤਸਰ ਸਾਹਿਬ, ਥਾਣਾ ਜੰਡਿਆਲਾ ਗੁਰੂ, ਥਾਣਾ ਵਰੋਵਾਲ ਤਰਨਤਾਰਨ, ਥਾਣਾ ਏ ਡਵੀਜ਼ਨ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਐਨਡੀਪੀਐਸ ਐਕਟ ਅਤੇ ਲੁੱਟਖੋਹ ਦੀ ਧਾਰਾਵਾਂ ਦੇ ਤਹਿਤ ਮਾਮਲੇ ਪਹਿਲਾਂ ਤੋਂ ਦਰਜ ਹਨ। ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਕਥਿਤ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ,ਜਿੰਨਾਂ ਤੋਂ ਕਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਉਨਾਂ ਨੇ ਇਹ ਵੀ ਕਿਹਾ ਕਿ ਉਕਤ ਗਿਰੋਹ ਦੇ ਤੀਸਰੇ ਸਾਥੀ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੇ ਬਾਅਦ ਹੀ ਕਥਿਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।