Punjab Weather Report : ਲੁਧਿਆਣਾ : ਬੀਤੇ ਦਿਨੀਂ ਪਏ ਮੀਂਹ ਨਾਲ ਆਮ ਜਨਤਾ ਨੂੰ ਕੁਝ ਰਾਹਤ ਦੀ ਖਬਰ ਮਿਲੀ ਹੈ । ਜਿਸ ਤੋਂ ਬਾਅਦ ਮੌਸਮ ਕਾਫੀ ਸੁਹਾਵਣਾ ਹੋ ਗਿਆ । ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਪਾਰਾ 44 ਤੋਂ 46 ਡਿਗਰੀ ਹੋਣ ਕਾਰਨ ਲੋਕਾਂ ਦਾ ਘਰਾਂ ‘ਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਸੀ । ਦਿਨ ਭਰ ਬੱਦਲ ਛਾਏ ਰਹੇ ਤੇ ਸ਼ਾਮ ਨੂੰ ਆਏ ਤੂਫ਼ਾਨ ਨੇ ਜ਼ਬਰਦਸਤ ਉਥਲ-ਪੁਥਲ ਮਚਾਈ ।

ਸੂਬੇ ਵਿੱਚ ਬੁੱਧਵਾਰ ਨੂੰ ਹੋਈ ਤੇਜ਼ ਬਾਰਿਸ਼ ਅਤੇ ਹਨ੍ਹੇਰੀ ਨਾਲ ਕਈ ਜਗ੍ਹਾ ਨੁਕਸਾਨ ਹੋ ਗਿਆ ਹੈ । ਇਸ ਤੂਫ਼ਾਨ ਦੇ ਚੱਲਦਿਆਂ ਲੁਧਿਆਣਾ ਵਿੱਚ ਪੰਜ ਥਾਵਾਂ ‘ਤੇ ਕੰਧਾਂ ਆਦਿ ਡਿੱਗਣ ਨਾਲ 6 ਲੋਕ ਜਖਮੀ ਹੋ ਗਏ । ਮਿਲੀ ਜਾਣਕਾਰੀ ਵਿਚ ਪਤਾ ਲੱਗਿਆ ਹੈ ਕਿ ਆਦਰਸ਼ ਨਗਰ ਵਿੱਚ ਇਸ ਤੂਫ਼ਾਨ ਦੇ ਚੱਲਦਿਆਂ ਦੀਵਾਰ ਡਿੱਗਣ ਨਾਲ ਇੱਕ ਸਰੀਆ 4 ਸਾਲ ਦੀ ਬੱਚੀ ਦੀ ਗਰਦਨ ਵਿੱਚ ਵੜ ਗਿਆ । ਇਸ ਤੂਫ਼ਾਨ ਦੇ ਚੱਲਦਿਆਂ ਬਿਜਲੀ ਦੇ ਖੰਭੇ ਅਤੇ ਦਰੱਖਤ ਵੀ ਟੁੱਟ ਕੇ ਡਿੱਗ ਗਏ ।

ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਛੇ ਵਜੇ ਤੋਂ ਸਾਢੇ ਛੇ ਵਜੇ ਦਰਮਿਆਨ ਸੌ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਜਿਸ ਕਾਰਨ ਕਈ ਜ਼ਿਲ੍ਹਿਆਂ ‘ਚ ਦਰੱਖ਼ਤ ਉਖੜ ਗਏ । ਹੋਰਡਿੰਗ ਤੇ ਬਿਜਲੀ ਦੇ ਖੰਭੇ ਵੀ ਡਿੱਗ ਪਏ । ਕਈ ਥਾਵਾਂ ‘ਤੇ ਮਕਾਨ ਤੇ ਕੰਧਾਂ ਢਹਿ ਗਈਆਂ । ਕੰਧਾਂ ਡਿੱਗਣ ਕਾਰਨ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਕਰੀਬ ਅੱਧੇ ਘੰਟੇ ਤੱਕ ਤੂਫ਼ਾਨ ਦਾ ਅਸਰ ਰਿਹਾ ।

ਸ਼ਾਮ ਸਾਢੇ ਛੇ ਵਜੇ ਤੋਂ ਬਾਅਦ ਬਾਰਿਸ਼ ਨੇ ਦਸਤਕ ਦਿੱਤੀ, ਜਿਸ ਨਾਲ ਲੂ ਤੇ ਗਰਮੀ ਤੋਂ ਰਾਹਤ ਮਿਲੀ । ਫ਼ਰੀਦਕੋਟ ਤੇ ਜਲੰਧਰ ਜ਼ਿਲ੍ਹਿਆਂ ਵਿੱਚ ਗੜੇ ਵੀ ਪ ਏ। ਬਾਰਿਸ਼ ਨਾਲ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ । ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਫਿਰੋਜ਼ਪੁਰ ‘ਚ ਤਾਪਮਾਨ 42.9 ਡਿਗਰੀ, ਜੇਕਰ ਗੱਲ ਕਰੀਏ ਲੁਧਿਆਣੇ ਦੀ ਤਾਂ ਇਥੇ ਤਾਪਮਾਨ 41.4 ਡਿਗਰੀ, ਪਟਿਆਲੇ ਦਾ 40.8 ਡਿਗਰੀ, ਅੰਮਿ੍ਤਸਰ ਦਾ 39.5 ਡਿਗਰੀ ਤੇ ਜਲੰਧਰ ਦਾ ਤਾਪਮਾਨ 39.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ।