Moga Girls Wrestler : ਮੋਗਾ : ਗਰਮੀ ‘ਚ ਝੋਨਾ ਲਾਉਣ ਵਾਲੇ ਮਜ਼ਦੂਰਾਂ ਦੀਆਂ ਤਸਵੀਰਾਂ ਤੁਸੀਂ ਆਮ ਹੀ ਦੇਖੀਆਂ ਹੋਣਗੀਆਂ ਤੇ ਇਹ ਤਸਵੀਰਾਂ ਨੂੰ ਵੀ ਤੁਸੀਂ ਆਮ ਵਾਂਗ ਹੀ ਸਮਝ ਕੇ ਦੇਖ ਰਹੇ ਹੋਵੋਗੇ। ਇੱਥੇ ਹੀ ਤੁਹਾਡੀਆਂ ਅੱਖਾਂ ਧੋਖਾ ਖਾ ਰਹੀਆਂ ਹਨ। ਜੀ, ਇਹ ਕੋਈ ਆਮ ਮਜ਼ਦੂਰ ਨਹੀਂ ਹਨ। ਝੋਨਾਂ ਲਾ ਰਹੀਆਂ ਇਹ ਕੁੜੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ 9 ਸੋਨ ਤਮਗੇ ਜਿੱਤ ਚੁੱਕੀਆਂ ਹਨ। ਆਉ ਦਿਖਾਉਂਦੇ ਹਾਂ ਤੁਹਾਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਇਨ੍ਹਾਂ ਖਿਡਾਰਨਾਂ ਦੀ ਅਸਲ ਦਸ਼ਾ।

ਭਾਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਦਾ ਐਲਾਨ ਕਰਦੀ ਰਹਿੰਦੀ ਹੈ ਪਰ ਜ਼ਮੀਨੀ ਹਕੀਕਤ ਸਰਕਾਰੀ ਦਾਅਵਿਆਂ ਦੇ ਉਲਟ ਹੀ ਨਜ਼ਰ ਆਉਂਦੀ ਹੈ। ਇਸ ਦੀ ਤਾਜ਼ਾ ਮਿਸਾਲ ਮਿਲਦੀ ਹੈ ਅੰਤਰਰਾਸ਼ਟਰੀ ਪੱਧਰ ‘ਤੇ ਭਲਵਾਨੀ ‘ਚ ਮੱਲਾਂ ਮਾਰਨ ਵਾਲੀਆਂ ਕੁੜੀਆਂ ਦੀ ਉਸ ਤਸਵੀਰ ਤੋਂ ਜਿਸ ਵਿੱਚ ਇਹ ਕੁੜੀਆਂ ਆਪਣੇ ਖੇਡ ਕੈਰੀਅਰ ਦੀ ਥਾਂ ਆਪਣਾ ਗੁਜ਼ਾਰਾ ਚਲਾਉਣ ਲਈ ਝੋਨਾ ਲਾਉਣ ਦੀ ਮਜ਼ਦੂਰੀ ਕਰਦੀਆਂ ਨਜ਼ਰ ਆਉਂਦੀਆਂ ਹਨ।ਜ਼ਿਕਰਯੋਗ ਹੈ ਕਿ 28 ਜੂਨ ਨੂੰ ਨਿਹਾਲ ਸਿੰਘ ਵਾਲਾ ਵਿੱਚ ਜ਼ਿਲ੍ਹਾ ਕੁਸ਼ਤੀ ਸੰਸਥਾ ਮੋਗਾ ਵੱਲੋਂ ਜੂਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ।

ਜ਼ਿਲ੍ਹਾ ਮੋਗਾ ਅਧੀਨ ਪੈਂਦੇ ਕਸਬਾ ਨਿਹਾਲ ਸਿਘ ਵਾਲਾ, ਧੂੜਕੋਟ ਰਣਸੀਂਹ ਅਤੇ ਰਣਸੀਂਹ ਕਲਾਂ ਨਾਲ ਸਬੰਧਤ ਇਹ ਖਿਡਾਰਨਾਂ ਸਰਕਰੀ ਰਵੱਈਏ ਤੋਂ ਬੇਹੱਦ ਨਿਰਾਸ਼ ਹਨ। ਇਹ ਕੁੜੀਆਂ ਉਹ ਰੈਸਲਰ ਹਨ ਜਿਨ੍ਹਾਂ ਨੇ ਕੌਮੀ ਤੇ ਅੰਤਰਰਾਸ਼ਟਰੀ ਪੱਧਰ ‘ਤੇ 9 ਸੋਨ ਤਮਗੇ ਜਿੱਤੇ ਹਨ ਤੇ ਅੱਜ ਸਰਕਾਰੀ ਅਣਦੇਖੀ ਕਾਰਨ ਦਿਹਾੜੀ ਕਰਕੇ ਆਪਣੀ ਖੇਡ ਕਲਾ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਹਨ। ਅਜਿਹੇ ਵਿੱਚ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੇਸ਼ ਦੇ ਸੂਬੇ ਦੀਆਂ ਸਰਕਾਰਾਂ ਭਾਰਤ ਦਾ ਨਾਂ ਦੁਨੀਆਂ ਭਰ ‘ਚ ਰੌਸ਼ਨ ਕਰਨ ਵਾਲਿਆਂ ਦੀ ਕਿੰਨੀ ਕੁ ਕਦਰ ਕਰਦੀਆਂ ਹਨ।

ਰਣਸੀਂਹ ਕਲਾਂ ਦੀ ਅਰਸ਼ਪ੍ਰੀਤ ਕੌਰ ‘ਖੇਲੋ ਇੰਡੀਆ’ ‘ਚ ਆਪਣਾ ਨਾਂ ਚਮਕਾ ਕੇ ਕੌਮੀ ਪੱਧਰ ‘ਤੇ ਨਾਮਣਾ ਖੱਟ ਚੁੱਕੀ ਹੈ। ਧਰਮਪ੍ਰੀਤ ਕੌਰ ਪੰਜਾਬ ਲਈ 3 ਸੋਨੇ ਤਮਗੇ ਜਿੱਤ ਚੁੱਕੀ ਹੈ ਪਰ ਆਪਣੀ ਖੇਡ ਕਲਾ ਨੂੰ ਪ੍ਰਫੁੱਲਤ ਕਰਨ ਲਈ ਅੱਜ ਝੋਨਾ ਲਾਉਣ ਲਈ ਮਜਬੂਰ ਹੈ। ਇਹ ਖਿਡਾਰਣਾਂ ਕਹਿੰਦੀਆਂ ਹਨ ਕਿ ਸਾਡੇ ਵੱਲੋਂ ਸੋਨ ਤਮਗੇ ਜਿੱਤਣ ਲਈ ਗਰੀਬੀ ਦੇ ਦੋਰ ਵਿੱਚ ਦਿਨ-ਰਾਤ ਦੀ ਕੀਤੀ ਗਈ ਮਿਹਨਤ ਦਾ ਕੋਈ ਮੁੱਲ ਨਹੀਂ ਪੈ ਰਿਹਾ।

ਅਸੀਂ ਜਿੰਦ-ਜਾਨ ਲਾ ਕੇ ਦੇਸ਼ ਤੇ ਪੰਜਾਬ ਲਈ ਅਖਾੜੇ ਵਿੱਚ ਆਪਣੀ ਤਾਕਤ ਦਾ ਮੁਜ਼ਾਹਰਾ ਕਰਦੀਆਂ ਹਾਂ ਪਰ ਤੁਸੀਂ ਦੇਖ ਹੀ ਲਓ ਕਿ ਸਾਡਾ ਕੀ ਹਾਲ ਹੈ। ਖਿਡਾਰਨ ਨੇ ਕਿਹਾ ਕਿ ਉਹ ਪੜ੍ਹਾਈ ਕਰਨ ਦੇ ਨਾਲ ਮਿਹਨਤ ਮਜ਼ਦੂਰੀ ਕਰਦੀਆਂ ਹਨ ਉਹ ਸਮਾਂ ਕੱਢਕੇ ਕੋਚ ਹਰਭਜਨ ਭੱਜੀ ਤੋਂ ਕੋਚਿੰਗ ਵੀ ਪ੍ਰਾਪਤ ਕਰ ਰਹੀਆਂ ਹਨ।

ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨਵਦੀਪ ਸਿੰਘ ਸੰਘਾ ਨੇ ਇਨ੍ਹਾਂ ਖਿਡਾਰਨਾ ਦੀ ਹਾਲਤ ਦੇਖ ਕੇ ਸਰਕਾਰਾਂ ਦੀਆਂ ਖੇਡ ਨੀਤੀ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ। ਉਹ ਕਹਿੰਦੇ ਹਨ ਕਿ ਜੇਕਰ ਦੇਸ਼ ਦਾ ਨਾਂ ਚਮਕਾਉਣ ਵਾਲੀਆਂ ਕੁੜੀਆਂ ਦਿਹਾੜੀ ਕਰਨ ਲਈ ਮਜ਼ਬੁਰ ਹਨ ਤਾਂ ਫਿਰ ਸਰਕਾਰ ਨਾਂ ਦੀ ਚੀਜ਼ ਕਿੱਥੇ ਹੈ। ਉਨ੍ਹਾਂ ਨੇ ਕਿਹਾ ਕਿ ਆਰਥਿਕ ਤੌਰ ’ਤੇ ਖੁਸ਼ਹਾਲ ਖਿਡਾਰੀ ਹੋਰ ਸ਼ਾਨਦਾਰ ਪ੍ਰਾਪਤੀਆਂ ਕਰ ਸਕਦੇ ਹਨ।