ਅੱਜ ਮਿਤੀ 17 ਦਸੰਬਰ 2016 ਨੂੰ ਅਦਾਰਾ ‘ਹਰਫ਼’ ਵਲੋ ‘ਕੈਨੇਡੀਅਨ ਪੰਜਾਬੀ ਪਰਿਵਾਰਾਂ ਵਿੱਚ ਔਰਤਾਂ ਵਿਰੁੱਧ ਵਾਪਰਦੀ ਹਿੰਸਾ’ ਵਿਸ਼ੇ ‘ਤੇ ਵਿਚਾਰ-ਗੋਸ਼ਟੀ ਕਰਵਾਈ ਗਈ। ਇਸ ਵਿਚਾਰ-ਗੋਸ਼ਟੀ ਵਿੱਚ ਸੁਖਵੰਤ ਹੁੰਦਲ ਜੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ| ਉਹਨਾਂ ਨੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ : ਕੈਨਡਾ ਵਿੱਚ ਔਰਤਾਂ ਵਿਰੁੱਧ ਪਰਿਵਾਰਕ ਹਿੰਸਾਂ ਦਾ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ। ਉਹਨਾ ਨੇ ਕਿਹਾ ਕਿ: 1972-2014 ਤੱਕ ਦੇ 42 ਸਾਲਾਂ ਵਿੱਚ ਕੈਨੇਡੀਅਨ ਪੰਜਾਬੀ ਪਰਿਵਾਰਾਂ ਵਿੱਚ ਲੱਗਭਗ 25 ਦੇ ਕਰੀਬ ਕਤਲ ਹੋਏ। ਸੁਣਨ ਨੂੰ ਇਹ ਅੰਕੜਾ ਛੋਟਾ ਲੱਗ ਸਕਦਾ ਹੈ ਪਰ ਸਾਨੂੰ ਇਹ ਸਮਝਣਾਂ ਚਾਹੀਦਾ ਕਿ ਕਤਲ ਔਰਤ ਵਿਰੁੱਧ ਹਿੰਸਾਂ ਦਾ ਸਿਖਰ ਹੈ।
ਇਸ ਤੋਂ ਇਲਾਵਾ ਪਰਿਵਾਰਾਂ ਵਿੱਚ ਨਿੱਤ ਹੁੰਦੀਆਂ ਹਿੰਸਾ ਦੀਆਂ ਘਟਨਾਵਾਂ ਜਿਸ ਵਿੱਚ ਮਾਰ ਕੁੱਟ ਅਤੇ ਸੰਗੀਨ ਹਮਲੇ ਵੀ ਸ਼ਾਮਲ ਹਨ ਇੱਕ ਆਮ ਤੇ ਵਿਆਪਕ ਵਰਤਾਰਾ ਹੈ। ਇਹਨਾਂ ਕਤਲ ਵਿੱਚ ਪਿਤਾ ਵਲੋਂ ਅਣਖ ਦੇ ਨਾਮ ਤੇ ਕੀਤੇ ਗਏ ਕਤਲ, ਉਹਨਾ ਲੜਕੀਆਂ ਦੇ ਨੇ ਜੋ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ਼ ਜਿਉਣਾ ਚਹੁੰਦੀਆਂ ਸਨ। ਇਸ ਤੋਂ ਇਲਾਵਾ ਬਾਕੀ ਦੇ ਕਤਲ ਉਹਨਾਂ ਔਰਤਾਂ ਦੇ ਨੇ ਜੋ ਭਾਰਤ ਤੋਂ ਵਿਆਹ ਕਰਵਾ ਕੇ ਕੈਨੇਡਾ ਆਉਣ ਤੋਂ ਬਾਅਤ ਪਰਿਵਾਰਕ ਅਣਬਣ ਕਰਕੇ ਅਲੱਗ ਰਹਿਣਾ ਚਹੁੰਦੀਆਂ ਸਨ। ਇਹਨਾਂ ਕਤਲਾਂ ਪਿੱਛਾ ਮੁੱਖ ਕਾਰਨ ਇਮੀਗਰੇਸ਼ਨ ਨਹੀਂ ਜਿਵੇਂ ਲੱਗਦਾ ਹੈ। ਇਸ ਦੀ ਜੜ• ਉਹ ਮਰਦ ਪ੍ਰਧਾਨ ਸੋਚ ਹੇ ਜਿਸ ਕਰਕੇ ਮਰਦ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦਾ ਕਿ ਔਰਤਾਂ ਆਪਣੀ ਮਰਜ਼ੀ ਨਾਲ਼ ਆਪਣੀ ਜ਼ਿੰਦਗੀ ਜਿਉਣ। ਉਹ ਔਰਤ ਨੂੰ ਆਪਣੀ ਜਇਦਾਦ ਸਮਝਦਾ ਹੈ।
ਉਹਨਾਂ ਕਿਹਾ ਕਿ ਸਾਡੇ ਸਮਾਜ ਵਿੱਚ ਔਰਤ ਨੂੰ ਬਰਾਬਰ ਦੀ ਨਾਗਰਿਕ ਨਹੀਂ ਸਮਝਿਆ ਜਾਂਦਾ। ਇਹ ਵਰਤਾਰਾ ਸਿਰਫ ਪੰਜਾਬੀ ਪਰਿਵਾਰਾਂ ਨਾਲ਼ ਹੀ ਨਹੀਂ ਜੁੜਿਆ ਹੋਇਆ ਸਗੋਂ ਇਹ ਸਮੁੱਚੇ ਸਮਾਜ ਦੀ ਸਮੱਸਿਆ ਹੈ। ਉਹਨਾਂ ਕਿਹਾ ਕਿ ਸਾਨੂੰ ਇਸ ਖਿਲਾਫ ਇੱਕ ਲੰਬੀ ਲੜਾਈ ਲੜਨੀ ਹੋਵੇਗੀ। ਅੱਧੀ ਅਬਾਦੀ ਦੀ ਅਜ਼ਾਦੀ ਅਤੇ ਬਾਰਾਬਰੀ ਦੀ ਗੱਲ ਕੀਤੇ ਬਿਨ•ਾਂ ਕੋਈ ਵੀ ਬਰਾਬਰੀ ਵਾਲਾ ਸਮਾਜ ਨਹੀਂ ਬਣਾਇਆ ਜਾ ਸਕਦਾ।
ਇਸ ਤੋਂ ਬਾਅਦ ਸਵਾਲਾਂ-ਜਵਾਬਾਂ ਦਾ ਸਿਲਸਿਲਾ ਚੱਲਿਆ ਜਿਸ ਵਿੱਚ ਮਨਦੀਪ ਸਿੰਘ (ਅਜ਼ਾਦ ਰੰਗ ਮੰਚ ਨਿਊਜ਼ੀਲੈਡ), ਸੂਰਜ, ਬਿੰਨੀ, ਸ੍ਰਿਸ਼ਟੀ, ਰਿਸ਼ੀ, ਸਿਕੰਦਰ, ਗੁਰਮੀਤ ਨੇ ਆਪਣੀ ਗੱਲ ਰੱਖੀ।
ਅਖੀਰ ਵਿੱਚ ਅਦਾਰਾ ‘ਹਰਫ਼’ ਵਲੋਂ ਤਜਿੰਦਰ ਨੇ ਮੁੱਖ ਬੁਲਰੇ ਅਤੇ ਵਿਚਾਰ-ਗੋਸ਼ਟੀ ਵਿੱਚ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਅੱਗੇ ਤੋਂ ਵੀ ਅਜਿਹੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਉਂਦੇ ਰਹਾਂਗੇ।
ਇਸ ਵਿਚਾਰ ਗੋਸ਼ਟੀ ਵਿੱਚ ਲੱਗਭਗ 40 ਦੇ ਕਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ।