Barnala Naiwala Village: ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਨਾਈਵਾਲ ਦੇ ਨੌਜਵਾਨਾਂ ਨੇ ਪਿੰਡ ‘ਚ ਪਾਣੀ ਦੀ ਕਿੱਲਤ ਨੂੰ ਲੈ ਕੇ ਰੋਸ ਪ੍ਰਗਟ ਕਰਦੇ ਹੋਏ ਵੱਡਾ ਕਦਮ ਚੁੱਕਿਆ। ਨੌਜਵਾਨਾਂ ਵਲੋਂ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕੀਤਾ ਉੱਥੇ ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਸਿਆਸੀ ਆਗੂਆਂ ਨੂੰ ਵੀ ਕੋਸਿਆ। ਨੇੜਲੇ ਪਿੰਡ ਨਾਈਵਾਲਾ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋਣ ਕਰਕੇ ਰੋਸ ਵਜੋਂ ਪਿੰਡ ਦੇ ਨੌਜਵਾਨ ਭਾਰਤ ਸਭਾ (ਪੰਜਾਬ) ਦੇ ਆਗੂ ਵਰਿੰਦਰ ਸਿੰਘ ਦੀ ਅਗਵਾਈ ਹੇਠ ਪੰਜ ਨੌਜਵਾਨਾਂ ਨੇ ਖ਼ਾਲੀ ਖੜਕਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਕੇ ਪ੍ਰਦਰਸ਼ਨ ਕੀਤਾ।

ਨੌਜਵਾਨਾਂ ਨੇ ਕਿਹਾ ਕਿ ਪਿੰਡ ਦੇ ਵਾਟਰ ਵਰਕਸ ਦੀ ਮੋਟਰ ਕਰੀਬ ਮਹੀਨਾਂ ਪਹਿਲਾਂ ਸੜ ਚੁੱਕੀ ਸੀ। ਅਧਿਕਾਰੀਆਂ ਨੂੰ ਇਸਦੀ ਜਾਣਕਾਰੀ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਉੱਚ ਅਧਿਕਾਰੀ ਚੋਣ ਜ਼ਾਬਤੇ ਦੀ ਗੱਲ ਆਖ ਕੇ ਪੱਲਾ ਝਾੜਦੇ ਆ ਰਹੇ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਸਰਕਾਰੀ ਦਫਤਰਾਂ ਜਾਂ ਮੰਤਰੀਆਂ ਦੀਆਂ ਸਰਕਾਰੀ ਰਿਹਾਇਸ਼ਾਂ ‘ਚ ਅਜਿਹੀ ਸਮੱਸਿਆ ਆਉਣ ਸਮੇਂ ਉਸ ਦਾ ਹੱਲ ਨਹੀਂ ਕੀਤਾ ਜਾਂਦਾ? ਜੇਕਰ ਕੀਤਾ ਜਾਂਦਾ ਹੈ ਤਾਂ ਫਿਰ ਲੋਕਾਂ ਨਾਲ ਵਿਤਕਰਾ ਕਿਉਂ?

ਨੌਜਵਾਨਾਂ ਨੇ ਕਿਹਾ ਕਿ ਮਾਮਲਾ ਹੱਲ ਨਾ ਹੋਣ ਦੀ ਸੂਰਤ ਵਿਚ ਉਹ ਸਾਰੀਆਂ ਸਿਆਸੀ ਪਾਰਟੀਆਂ ਦਾ ਚੋਣਾਂ ਵਿਚ ਬਾਈਕਾਟ ਕਰਨਗੇ ਅਤੇ ਕਿਸੇ ਵੀ ਵੋਟ-ਬਟੋਰੂ ਨੂੰ ਪਿੰਡ ਵਿਚ ਨਹੀਂ ਵੜਣ ਦੇਣਗੇ। ਉਨ੍ਹਾਂ ਕਿਹਾ ਕਿ ਪਿੰਡ ਦੇ ਸੰਘਰਸ਼ੀ ਲੋਕ ਇਕਜੁੱਟ ਹੋ ਕੇ ਮਾਮਲੇ ਦੇ ਹੱਲ ਤਕ ਡਟੇ ਰਹਿਣਗੇ। ਇਸ ਸਮੇਂ ਕਿਸਾਨ ਆਗੂ ਗੁਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਹਨ। ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨਾਲ ਜਦੋਂ ਪਿੰਡ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਉਣਗੇ ਅਤੇ ਜਲਦ ਹੀ ਪਿੰਡ ਵਾਸੀਆਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ