Sikh Massacre Witnesses: ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਗਵਾਹੀਆਂ ਦੇਣ ਵਾਲੇ ਗਵਾਹਾਂ ਅਤੇ ਕੇਸ ਲੜਨ ਵਾਲੇ ਵਕੀਲਾਂ ਦਾ ਅੱਜ ਸਨਮਾਨ ਕੀਤਾ ਹੈ। ਇਹ ਸਨਮਾਨ ਸ਼੍ਰੋਮਣੀ ਕਮੇਟੀ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕੀਤਾ ਗਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 7 ਗਵਾਹਾਂ ਨੂੰ 2-2 ਲੱਖ ਰੁਪਏ ਦਾ ਚੈੱਕ , ਚਾਂਦੀ ਦੀ ਤਸ਼ਤਰੀ ਅਤੇ ਸ੍ਰੀ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਹੈ।ਇਸ ਦੇ ਨਾਲ ਹੀ 1984 ਸਿੱਖ ਕਤਲੇਆਮ ਦੇ ਵਕੀਲ ਐੱਚ.ਐਸ.ਫੁਲਕਾ, ਗੁਰਬਖਸ਼ ਸਿੰਘ, ਜਸਵਿੰਦਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ ਹੈ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਘੱਟ ਗਿਣਤੀ ਹੋਣ ਦੇ ਬਾਵਜੂਦ ਸਿੱਖ ਕੌਮ ਨੇ ਵਿਸ਼ਵ ਭਰ ‘ਚ ਨਾਮ ਕਮਾਇਆ ਹੈ।ਕਾਂਗਰਸੀ ਹੁਕਮਰਾਨਾਂ ਦੇ ਕਹਿਣ ‘ਤੇ ਦਿੱਲੀ ਸਮੇਤ ਅਨੇਕਾਂ ਸਥਾਨਾਂ ‘ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਵਜੋਂ ਸੌਂਹ ਚੁੱਕਣ ਤੋਂ ਬਾਅਦ ਕਤਲੇਆਮ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਗਵਾਹਾਂ ਤੇ ਵਕੀਲਾਂ ਨੇ ਸਿੱਖ ਕੌਮ ਦੀ ਲੜਾਈ ਲੜੀ ਹੈ।

1984 ਸਿੱਖ ਕਤਲੇਆਮ ਦੀ ਗਵਾਹ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਅਜੇ ਲੜਾਈ ਖਤਮ ਨਹੀਂ ਹੋਈ।ਉਨ੍ਹਾਂ ਨੇ ਕਿਹਾ ਕਿ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਿਸ ਲੈਣ ਲਈ ਵੀ ਲੜਾਈ ਲੜਾਂਗੀ ਅਤੇ ਮਰਤੇ ਦਮ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਦੀ ਜੰਗ ਜਾਰੀ ਰਹੇਗੀ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਬੀਬੀ ਜਗੀਰ ਕੌਰ ,ਮਨਜਿੰਦਰ ਸਿੰਘ ਸਿਰਸਾ ,1984 ਸਿੱਖ ਕਤਲੇਆਮ ਦੇ ਗਵਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਜਗਦੀਸ਼ ਕੌਰ, ਨਿਰਪ੍ਰੀਤ ਕੌਰ ,ਜਗਸ਼ੇਰ ਸਿੰਘ, ਕੁਲਦੀਪ ਸਿੰਘ, ਸੰਤੋਖ ਸਿੰਘ, ਸੰਗਤ ਸਿੰਘ ਅਤੇ ਸੁਰਜੀਤ ਸਿੰਘ ਅਤੇ ਵਕੀਲ ਹਾਜ਼ਿਰ ਸਨ।
