Modi Kartarpur Corridor: ਹਨੂਮਾਨਗੜ੍ਹ: ਰਾਜਸਥਾਨ ਵਿਚ 7 ਦਸੰਬਰ ਨੂੰ ਵਿਧਾਨ ਸਭਾ ਚੋਣਾਂ ਹੋਣ ਤੋਂ ਪਹਿਲਾਂ ਸੂਬੇ ‘ਚ ਸਿਆਸੀ ਹਲਚਲ ‘ਚ ਕਾਫੀ ਵਾਧਾ ਹੋਇਆ ਹੈ। ਜਿਸਦੇ ਚਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਦੀ ਗਿਣਤੀ ਨੂੰ ਵੀ ਸੂਬੇ ‘ਚ ਵਧਾ ਦਿੱਤਾ ਗਿਆ ਹੈ। ਮੰਗਲਵਾਰ ਨੂੰ ਹਨੂਮਾਨਗਰ ਵਿਖੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਸੰਬੋਧਤ ਕੀਤਾ। ਉਹਨਾਂ ਨੇ ਕਰਤਾਰਪੁਰ ਨੂੰ ਲੈ ਕੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਵੰਡ ਦੇ ਸਮੇ ਕਾਂਗਰਸ ਆਗੂਆਂ ਨੇ ਜੇ ਥੋੜੀ ਜਿਹੀ ਸਮਝਦਾਰੀ ਤੇ ਗੰਭੀਰਤਾ ਵਿਖਾਈ ਹੁੰਦੀ ਤਾਂ ਕਰਤਾਰਪੁਰ ਸਾਹਿਬ ਅੱਜ ਪੰਜਾਬ ‘ਚ ਹੁੰਦਾ। ਉਹਨਾਂ ਨੇ ਕਿਹਾ ਕਿ 3 ਕਿਲੋਮੀਟਰ ਦੀ ਦੂਰੀ ‘ਤੇ ਸਾਡਾ ਕਰਤਾਰਪੁਰ ਸਾਹਿਬ ਦੂਰ ਨਾ ਹੁੰਦਾ। ਮੋਦੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪਿਛਲੇ 70 ਸਾਲਾਂ ਤੋਂ ਕਾਂਗਰਸ ਕਰਤਾਰਪੁਰ ਲਾਂਘੇ ਨੂੰ ਲੈ ਕੇ ਚੁੱਪ ਕਿਉਂ ਰਹੀ ਤੇ 1947 ਵੇਲੇ ਕਾਂਗਰਸ ਨੂੰ ਕਰਤਾਰਪੁਰ ਦਾ ਖਿਆਲ ਕਿਉਂ ਨਹੀਂ ਆਇਆ।
ਦੱਸ ਦਈਏ ਕਿ 26 ਨਵੰਬਰ ਨੂੰ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਹੁਣ 28 ਨਵੰਬਰ ਨੂੰ ਪਾਕਿਸਤਾਨ ਵੱਲੋਂ ਨੀਂਹ ਪੱਥਰ ਰੱਖਿਆ ਗਿਆ। ਕਰਤਾਰਪੁਰ ਸਾਹਿਬ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜੋ ਲਾਹੌਰ ਤੋਂ 130 ਕਿੱਲੋਮੀਟਰ ਦੂਰ ਹੈ। ਕਰਤਾਰਪੁਰ ਉਹ ਥਾਂ ਹੈ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 17-18 ਸਾਲ ਗੁਜ਼ਾਰੇ ਸੀ। ਇਹ ਗੁਰਦੁਆਰਾ ਸ਼ਕਰਗੜ੍ਹ ਤਹਿਸੀਲ ਦੇ ਕੋਟੀ ਪੰਡ ਪਿੰਡ ਵਿੱਚ ਰਾਵੀ ਨਦੀ ਦੇ ਪੱਛਮੀ ਪਾਸੇ ਸਥਿਤ ਹੈ।
ਮੋਦੀ ਨੇ ਕਿਹਾ ਕਿ ਕਾਂਗਰਸ ਦੀ ਹਰ ਗਲਤੀ ਨੂੰ ਸੁਧਾਰਨ ਦੀ ਜ਼ਿੰਮੇਦਾਰੀ ਉਨ੍ਹਾਂ ਨੂੰ ਮਿਲੀ ਹੋਈ ਹੈ। ਅੱਜ ਜੇਕਰ ਕਰਤਾਰਪੁਰ ਕੋਰੀਡੋਰ ਬਣ ਰਿਹਾ ਹੈ ਤਾਂ ਇਸ ਦਾ ਕ੍ਰੈਡਿਟ ਮੋਦੀ ਨੂੰ ਨਹੀਂ ਸਗੋਂ ਪੂਰੇ ਦੇਸ਼ ਦੀ ਜਨਤਾ ਦੇ ਵੋਟ ਨੂੰ ਜਾਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 5 ਸਾਲ ਪਹਿਲਾਂ ਅਖਬਾਰ ਹੈੱਡਲਾਈਨ ਹੁੰਦੀ ਸੀ-ਅੱਜ ਕੋਇਲੇ ‘ਚ ਇੰਨਾ ਘੋਟਾਲਾ ਹੋਇਆ ਹੈ, 2ਜੀ ਦਾ ਘੋਟਾਲਾ ਹੋਇਆ, ਪਣਡੁੱਬੀ ‘ਚ ਘੋਟਾਲਾ, ਇਸ ਨੇ ਚੋਰੀ ਕੀਤੀ, ਉਸ ਨੇ ਲੁੱਟ ਲਿਆ… ਅਜਿਹੀਆਂ ਖਬਰਾਂ ਆਉਂਦੀਆਂ ਸੀ। ਅੱਜ ਸਰਕਾਰ ਬਣੀ ਨੂੰ ਇੰਨੇ ਸਾਲ ਹੋ ਗਏ ਹਨ, ਹੁਣ ਅਜਿਹੀਆਂ ਖਬਰਾਂ ਕਿਉਂ ਨਹੀਂ ਆਉਂਦੀਆਂ ਹਨ, ਦੇਸ਼ ਦੇ ਪੈਸੇ ਦੀ ਲੁੱਟ ਬੰਦ ਹੋ ਗਈ ਹੈ।
Modi Kartarpur Corridor
ਪੀਐੱਮ ਨੇ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਤੁਸੀਂ ਇਕ ਅਜਿਹੇ ਆਦਮੀ ਨੂੰ ਪ੍ਰਧਾਨਮੰਤਰੀ ਬਣਾਇਆ ਹੈ ਜੋ ਸਿਰਫ ਤੁਹਾਡੇ ਲਈ ਹੀ ਜਿਉਂਦਾ ਹੈ ਜੋ ਸਿਰਫ ਤੁਹਾਡੇ ਲਈ ਹੈ, ਜੋ ਤੁਹਾਡੇ ਲਈ ਲੜ ਰਿਹਾ ਹੈ, ਜੇ ਉਹ ਝੁਕਦਾ ਹੈ, ਸਿਰਫ ਅਤੇ ਕੇਵਲ ਤੁਹਾਡੇ ਲਈ ਹੀ। ਇਸ ਤੋਂ ਇਲਾਵਾ ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਇਕ ਹੀ ਪਰਿਵਾਰ ਦੀਆਂ 4 ਪੀੜ੍ਹੀਆਂ ਜਿਨ੍ਹਾਂ ਨੂੰ ਨਾ ਖੇਤ ਦੀ ਸਮਝ ਹੈ, ਨਾ ਹੀ ਕਿਸਾਨ ਦੀ ਸਮਝ ਹੈ, ਉਨ੍ਹਾਂ ਨੇ ਅਜਿਹੀ ਨੀਤੀ ਬਣਾਈ ਹੈ ਕਿ ਮੇਰੇ ਦੇਸ਼ ਦਾ ਕਿਸਾਨ ਬਰਬਾਦ ਹੋ ਗਿਆ ਹੈ। ਉਨ੍ਹ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਅਤੇ ਪਾਪਾਂ ਦਾ ਹੀ ਨਤੀਜਾ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਮੁਸੀਬਤਾਂ ਝੱਲਣੀਆਂ ਪੈਂਦੀਆਂ ਹਨ। ਜੇਕਰ ਇਕ ਕਿਸਾਨ ਦਾ ਪੁੱਤਰ, ਸਰਦਾਰ ਪਟੇਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਹੁੰਦੇ ਤਾਂ ਕਿਸਾਨਾਂ ਦੀ ਅੱਜ ਇਹ ਹਾਲਤ ਨਾ ਹੁੰਦੀ।
Modi Kartarpur Corridor
ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸੱਤਾ ਦੇ ਮੋਹ ‘ਚ ਕਾਂਗਰਸ ਪਾਰਟੀ ਨੇ ਇੰਨੀਆਂ ਗਲਤੀਆਂ ਕੀਤੀਆਂ ਹਨ ਕਿ ਜਿਨ੍ਹਾਂ ਦਾ ਪੂਰੇ ਦੇਸ਼ ਨੂੰ ਭੁਗਤਾਨ ਕਰਨਾ ਪੈ ਰਿਹਾ ਹੈ। ਵੰਡ ਦੇ ਸਮੇਂ ਜੇਕਰ ਕਾਂਗਰਸ ਨੇਤਾਵਾਂ ‘ਚ ਇਸ ਗੱਲ ਦੀ ਥੋੜ੍ਹੀ ਸਮਝਦਾਰੀ, ਸੰਵੇਦਨਸ਼ੀਲਤਾ ਅਤੇ ਗੰਭੀਰਤਾ ਹੁੰਦੀ ਤਾਂ 3 ਕਿਲੋਮੀਟਰ ਦੀ ਦੂਰੀ ‘ਤੇ ਸਾਡਾ ਕਰਤਾਰਪੁਰ ਇਸ ਤੋਂ ਵੱਖਰਾ ਨਹੀਂ ਹੁੰਦਾ।
Modi Kartarpur Corridor