Amritsar Train Accident: ਅੰਮ੍ਰਿਤਸਰ: ਰੇਲ ਹਾਦਸੇ ਵਿੱਚ ਮਾਰੇ ਗਏ ਦਿਨੇਸ਼ ਅਤੇ ਉਸਦੇ ਦੱਸ ਸਾਲ ਦੇ ਬੇਟੇ ਦੀ ਚਿਤਾ ਹਾਲੇ ਠੰਡੀ ਵੀ ਨਹੀ ਹੋਈ ਹੋਵੇਗੀ ਕਿ ਮ੍ਰਿਤਕ ਦਿਨੇਸ਼ ਦੇ ਵੱਡਾ ਭਰਾ ਰਾਜੇਸ਼ ਸਾਰੇ ਪੈਸੇ ਲੈ ਕੇ ਫਰਾਰ ਹੋ ਗਿਆ। ਮ੍ਰਿਤਕ ਦਿਨੇਸ਼ ਦੀ ਪਤਨੀ ਦਾਣੇ-ਦਾਣੇ ਨੂੰ ਮੁਹਤਾਜ ਹੈ, ਪਰ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਵੀ ਕਰਵਾਈ ਕਰਨੀ ਜਰੂਰੀ ਨਹੀ ਸਮਝੀ।

ਰੇਲ ਹਾਦਸੇ ਵਿੱਚ ਮਾਰੇ ਗਏ ਦਿਨੇਸ਼ ਅਤੇ ਉਸਦੇ 10 ਸਾਲ ਦੇ ਬੇਟੇ ਨੂੰ ਖੋਹਣ ਦਾ ਗਮ ਪ੍ਰੀਤੀ ਸਮਝ ਸਕਦੀ ਹੈ। ਪ੍ਰੀਤੀ ਅਤੇ ਦਿਨੇਸ਼ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰ ਰਹੇ ਸਨ ਕਿ ਰੇਲ ਹਾਦਸੇ ਨੇ ਪ੍ਰੀਤੀ ਦੀ ਜਿੰਦਗੀ ਹੀ ਬਦਲ ਕੇ ਰੱਖ ਦਿੱਤੀ। ਇਸ ਰੇਲ ਹਾਦਸੇ ਵਿੱਚ ਪ੍ਰੀਤੀ ਨੇ ਆਪਣੇ ਪਤੀ ਅਤੇ ਦੱਸ ਸਾਲ ਦੇ ਬੇਟੇ ਨੂੰ ਖੋਹ ਦਿੱਤਾ। ਹਾਲਾਂਕਿ ਪੰਜਾਬ ਸਰਕਾਰ ਦੁਵਾਰਾ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦਿੱਤੇ ਗਏ ਸਨ। ਪ੍ਰੀਤੀ ਨੂੰ ਵੀ ਇਸ ਮਾਮਲੇ ਵਿੱਚ ਦੱਸ ਲੱਖ ਰੁਪਏ ਦਿੱਤੇ ਗਏ ਸਨ। ਦੱਸ ਲੱਖ ਰੁਪਏ ਮਿਲਣ ਨਾਲ ਪ੍ਰੀਤੀ ਦੇ ਘਰ ਦਾ ਗੁਜਾਰਾ ਆਰਾਮ ਨਾਲ ਚੱਲ ਸਕਦਾ ਸੀ, ਪਰ ਮ੍ਰਿਤਕ ਦਿਨੇਸ਼ ਦੇ ਭਰਾ ਰਾਜੇਸ਼ ਨੇ ਪ੍ਰੀਤੀ ਦੇ ਨਾਲ ਸਾਂਝਾ ਖਾਤਾ ਖੁੱਲ੍ਹਵਾ ਕੇ ਸਾਰਾ ਪੈਸਾ ਉਸ ਵਿੱਚ ਟਰਾਂਸਫਰ ਕਰ ਦਿੱਤਾ ਅਤੇ ਉਸਨੇ ਹੌਲੀ-ਹੌਲੀ ਉਸ ਵਿੱਚੋਂ ਪੈਸੇ ਕਢਵਾਉਣੇ ਸ਼ੁਰੂ ਕਰ ਦਿੱਤੇ

ਪ੍ਰੀਤੀ ਦੇ ਮੁਤਾਬਕ ਰਾਜੇਸ਼ ਚਾਹੁੰਦਾ ਸੀ ਕਿ ਉਹ ਉਸ ਤੋਂ ਵਿਆਹ ਕਰ ਕੇ ਸਾਰੇ ਪੈਸੇ ਹੜਪ ਜਾਵੇ, ਪਰ ਉਸਨੇ ਅਜਿਹਾ ਨਹੀਂ ਕੀਤਾ ਅਤੇ ਅਖੀਰ ਵਿੱਚ ਰਾਜੇਸ਼ ਸਾਰੀਆਂ ਬੈਂਕ ਦੀਆਂ ਕਾਪੀਆਂ, ਏਟੀਐੱਮ ਕਾਰਡ ਲੈ ਕੇ ਫਰਾਰ ਹੋ ਗਿਆ। ਜਦੋਂ ਹੁਣ ਉਹ ਉਸਨੂੰ ਫੋਨ ਕਰਦੀ ਹੈ ਤਾਂ ਉਹ ਉਸਦਾ ਫੋਨ ਵੀ ਨਹੀਂ ਚੁੱਕਦਾ ਅਤੇ ਨਾ ਹੀ ਕੁੱਝ ਵਾਪਸ ਦੇ ਰਿਹਾ ਹੈ। ਇਸ ਸਮੇਂ ਪ੍ਰੀਤੀ ਦਾਣੇ-ਦਾਣੇ ਦੀ ਮੁਹਤਾਜ ਹੈ। ਜਿਸ ਕਾਰਨ ਉਸਦੇ ਘਰ ਦਾ ਗੁਜਾਰਾ ਵੀ ਨਹੀ ਚੱਲ ਰਿਹਾ। ਉਸਨੇ ਇਸਦੀ ਸ਼ਿਕਾਇਤ ਥਾਣੇ ਵਿੱਚ ਵੀ ਕੀਤੀ ਹੈ, ਪਰ ਹਾਲੇ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਰਵਾਈ ਨਹੀ ਕੀਤੀ ਹੈ।

ਮਿਲੀ ਜਾਣਕਾਰੀ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਪਿਛਲੇ ਚਾਰ ਮਹੀਨਿਆਂ ਤੋਂ ਪ੍ਰੀਤੀ ਦਾ ਭਰਾ ਉਸਨੂੰ ਪੈਸੇ ਵਾਪਸ ਦਵਾਉਣ ਲਈ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ, ਪਰ ਰਾਜੇਸ਼ ਦਿੱਲੀ ਵਿੱਚ ਹੈ। ਉਹ ਨਾ ਤਾਂ ਪੈਸੇ ਵਾਪਸ ਕਰ ਰਿਹਾ ਹੈ ਅਤੇ ਨਾ ਹੀ ਬੈਂਕ ਦੀਆਂ ਕਾਪੀਆਂ ਅਤੇ ਨਾ ਹੀ ਏਟੀਐੱਮ। ਉੱਧਰ ਦੂਜੇ ਪਾਸੇ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਕੋਲ ਇਸ ਮਾਮਲੇ ਦੀ ਸ਼ਿਕਾਇਤ ਆਈ ਹੈ ਅਤੇ ਉਹ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਜਾਂਚ ਕਰ ਰਹੇ ਹਨ।