ajnala bus car collision: ਅਜਨਾਲਾ: ਅੱਜ ਦੇ ਸਮੇਂ ਵਿੱਚ ਸੜਕ ਹਾਦਸੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਆਏ ਦਿਨ ਹੀ ਤੇਜ਼ ਰਫਤਾਰ ਜਾਂ ਲਾਪਰਵਾਹੀ ਹਾਦਸਿਆਂ ਦਾ ਕਾਰਨ ਬਣਦੇ ਹਨ। ਅਜਿਹਾ ਹੀ ਇੱਕ ਮਾਮਲਾ ਅਜਨਾਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਅੱਜ ਸਵੇਰੇ 10.30 ਦੇ ਕਰੀਬ ਪੰਜਗਰਾਈ ਪਿੰਡ ਤੋਂ ਅਜਨਾਲਾ ਬੀਐੱਸਐੱਫ ਕੈਂਪ ਵਿੱਚ ਆ ਰਹੀ ਜਵਾਨਾਂ ਦੀ ਗੱਡੀ ਨੂੰ ਇੱਕ ਪ੍ਰਾਈਵੇਟ ਬੱਸ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜਬਰਦਸਤ ਸੀ ਕਿ ਬੱਸ ਨੇ ਜਵਾਨਾਂ ਦੀ ਗੱਡੀ ਨੂੰ ਤਕਾਰ ਮਾਰ ਕੇ ਦੂਜੇ ਪਾਸੇ ਖੇਤਾਂ ਵਿੱਚ ਸੁੱਟ ਦਿੱਤਾ।

ਇਸ ਹਾਦਸੇ ਵਿੱਚ ਪ੍ਰਾਈਵੇਟ ਬੱਸ ਅਤੇ ਉਸ ਵਿੱਚ ਸਵਾਰ ਸਵਾਰੀਆਂ ਦਾ ਤਾਂ ਬਚਾਅ ਹੋ ਗਿਆ, ਪਰ ਬੀਐੱਸਐੱਫ ਦੀ ਗੱਡੀ ਵਿੱਚ ਸਵਾਰ ਜਵਾਨ ਖੇਤਾਂ ਵਿੱਚ ਗੱਡੀ ਪਲਟਨ ਕਾਰਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਇਨ੍ਹਾਂ ਨੂੰ ਮੌਕੇ ਤੇ ਹੀ ਪਹਿਲਾਂ ਅਜਨਾਲਾ ਵਿੱਚ ਫਰਸਟ ਐੱਡ ਦੇ ਲਈ ਸਿਵਲ ਹਸਪਤਾਲ ਲੈ ਜਾਇਆ ਗਿਆ ਅਤੇ ਬਾਅਦ ਵਿੱਚ ਕੁਝ ਦੀ ਹਾਲਾਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮਿਲਟਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਇਸ ਸੰਬੰਧ ਵਿੱਚ ਜਖਮੀ ਹੋਏ ਜਵਾਨਾਂ ਨੇ ਦੱਸਿਆ ਕਿ ਉਹ ਗੱਡੀ ਵਿੱਚ ਜਾ ਰਹੇ ਸਨ ਤਾਂ ਪਿੱਛਿਓਂ ਇੱਕ ਪ੍ਰਾਈਵੇਟ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਖੇਤਾਂ ਵਿੱਚ ਪਲਟ ਗਈ।

ਇਸ ਸੰਬੰਧ ਵਿੱਚ ਪਿੰਡ ਨਾਨਕ ਪੂਰਾ ਥੇਹ ਦੇ ਲੋਕਾਂ ਨੇ ਦੱਸਿਆ ਕਿ ਬੱਸ ਬਹੁਤ ਤੇਜ਼ ਰਫਤਾਰ ਵਿੱਚ ਸੀ ਅਤੇ ਉਸਨੇ ਪਿੱਛਿਓਂ ਜਵਾਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਟੱਕਰ ਤੋਂ ਬਾਅਦ ਬੱਸ ਦੇ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕੜ੍ਹੀ ਮੁਸ਼ਕਿਲ ਦੇ ਬਾਅਦ ਉਨ੍ਹਾਂ ਨੇ ਲੋਕਾਂ ਨਾਲ ਮਿਲ ਕੇ ਜਵਾਨਾਂ ਦੀ ਗੱਡੀ ਦੇ ਨਿਚਿਓਂ ਜਵਾਨਾਂ ਨੂੰ ਕੱਢਿਆ।

ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਅਜਨਾਲਾ ਦੇ ਇੰਚਾਰਜ ਨੇ ਦੱਸਿਆ ਕਿ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਸਿਵਲ ਹਸਪਤਾਲ ਅਜਨਾਲਾ ਦੇ ਐੱਸ.ਐਮ.ਓ ਨੇ ਦੱਸਿਆ ਕਿ ਜਖਮੀਆਂ ਦਾ ਇਲਾਜ਼ ਕੀਤਾ ਜਾ ਰਿਹਾ ਹੈ ਅਤੇ ਗੰਭੀਰ ਰੂਪ ਨਾਲ ਜਖਮੀਆਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾ ਰਿਹਾ ਹੈ।