Hoshiarpur OLX: ਹੁਸ਼ਿਆਰਪੁਰ: ਅੱਜ ਦੇ ਸਮੇਂ ਵਿੱਚ ਆਨਲਾਈਨ ਖਰੀਦਦਾਰੀ ਬਹੁਤ ਜਿਆਦਾ ਆਮ ਹੋ ਗਈ ਹੈ। ਜਿਸਦੇ ਚਲਦਿਆਂ ਕੋਈ ਵੀ ਚੀਜ ਘਰ ਬੈਠ ਕੇ ਆਸਾਨੀ ਨਾਲ ਖਰੀਦੀ ਵੀ ਜਾ ਸਕਦੀ ਹੈ ਤੇ ਵੇਚੀ ਵੀ ਜਾ ਸਕਦੀ ਹੈ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ OLX ਤੋਂ ਖਰੀਦਦਾਰੀ ਕਰਨ ਤੋਂ ਬਾਅਦ ਪੈਸਿਆਂ ਦੀ ਅਦਾਇਗੀ ਨਾ ਕਰਨ ‘ਤੇ ਇੱਕ ਨੌਜਵਾਨ ਨੂੰ ਕਿਡਨੈਪ ਕਰ ਕੇ ਉਸਦਾ ਡੰਡਿਆਂ ਨਾਲ ਕੁਟਾਪਾ ਚਾੜ੍ਹ ਦਿੱਤਾ। ਇਸ ਕੁਟਾਪੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ। ਇਸ ਮਾਮਲੇ ਵਿਚ ਪੀੜਤ ਨੌਜਵਾਨ ਦੀ ਪਹਿਚਾਣ ਅਵਤਾਰ ਸਿੰਘ ਦੇ ਰੂਪ ਵਿੱਚ ਹੋਈ ਹੈ। ਇਸ ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਹਰਕਤ ਵਿੱਚ ਆਉਂਦਿਆਂ ਹੀ ਪੁਲਿਸ ਨੇ ਪੀੜਤ ਨੂੰ ਜਾਂਚ ਲਈ ਬੁਲਾ ਲਿਆ।

ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਪੁਲਿਸ ਵੱਲੋਂ ਹਾਲੇ ਤੱਕ ਪੀੜਤ ਦਾ ਬਿਆਨ ਦਰਜ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਦਾ ਕਹਿਣਾ ਹੈ ਜੇਕਰ ਇੱਕ ਹਫ਼ਤੇ ਵਿੱਚ ਪੁਲਿਸ ਨੇ ਦੋਸ਼ੀਆਂ ਨੂੰ ਨਹੀਂ ਫੜਿਆ ਤਾਂ ਉਨ੍ਹਾਂ ਵੱਲੋਂ ਪੁਲਿਸ ਖਿਲਾਫ ਰੋਸ ਜ਼ਾਹਿਰ ਕਰਦੇ ਹੋਏ ਊਨਾ ਜਾਣ ਦਾ ਮੁੱਖ ਰਸਤਾ ਜਾਮ ਕਰਨ ਲਈ ਕਿਹਾ ਗਿਆ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਦੱਸਿਆ ਕਿ ਨੰਗਲ ਦੇ ਇੱਕ ਨੌਜਵਾਨ ਵੱਲੋਂ ਕੈਮਰਾ ਵੇਚਣ ਲਈ ਇੱਕ ਸ਼ਾਪਿੰਗ ਸਾਇਟ ‘ਤੇ ਕੈਮਰਾ ਵੇਚਣ ਲਈ ਇੱਕ ਇਸ਼ਤਿਹਾਰ ਪਾਇਆ ਗਿਆ ਸੀ। ਜਿਸਨੂੰ ਦੇਖ ਕੇ ਅਵਤਾਰ ਸਿੰਘ ਵੱਲੋਂ ਕੁੱਝ ਰਾਸ਼ੀ ਦੇ ਕੇ ਕੈਮਰਾ ਲੈ ਲਿਆ ਅਤੇ ਬਾਕੀ ਭੁਗਤਾਨ ਬਾਅਦ ਵਿੱਚ ਕਰਨ ਲਈ ਕਿਹਾ ਗਿਆ, ਪਰ ਬਾਅਦ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਨਾਂ ਵਿੱਚ ਲੜਾਈ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਪੈਸਿਆਂ ਦੇ ਬਾਰੇ ਨੰਗਲ ਦੇ ਨੌਜਵਾਨਾਂ ਵੱਲੋਂ ਅਵਤਾਰ ਨਾਲ ਫੋਨ ‘ਤੇ ਸੰਪਰਕ ਕੀਤਾ ਗਿਆ ਤਾਂ ਉਹ ਪੈਸਿਆਂ ਨੂੰ ਦੇਣ ਬਾਰੇ ਟਾਲ-ਮਟੋਲ ਕਰਦਾ ਰਿਹਾ। ਕਾਫ਼ੀ ਦਿਨ ਬੀਤ ਜਾਣ ਦੇ ਬਾਅਦ ਨੰਗਲ ਦੇ ਨੌਜਵਾਨਾਂ ਵੱਲੋਂ ਰਣਨੀਤੀ ਦੇ ਤਹਿਤ ਇੱਕ ਹੋਰ ਕੈਮਰਾ ਵੇਚਣ ਦਾ ਇਸ਼ਤਿਹਾਰ ਪਾਇਆ। ਜਿਸ ਵਿੱਚ ਅਵਤਾਰ ਵੱਲੋਂ ਕੈਮਰਾ ਲੈਣ ਦੀ ਦੁਬਾਰਾ ਸਹਿਮਤੀ ਜਤਾਈ ਗਈ। ਜਿਸਨੂੰ ਲੈ ਕੇ ਉਨ੍ਹਾਂ ਨੇ ਕੈਮਰੇ ਦੀ ਡਿਲਿਵਰੀ ਲਈ ਅਵਤਾਰ ਨੂੰ ਹਿਮਾਚਲ ਬੁਲਾਇਆ। ਜਿਸਦੇ ਬਾਅਦ ਉਨ੍ਹਾਂ ਨੇ ਉਸਨੂੰ ਕਿਡਨੈਪ ਕਰ ਕੇ ਉਸ ਦੀ ਡੰਡਿਆਂ ਨਾਲ ਜਮ ਕੇ ਕੁੱਟਮਾਰ ਕੀਤੀ।