ਬਹੁਜਨ ਸਮਾਜ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਹਲਕਾ ਫਿਲੌਰ ਤੋਂ ਪਾਰਟੀ ਦੇ ਉਮੀਦਵਾਰ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਚੋਣਾਂ ਨੂੰ ਲੈ ਕੇ ਪਿੰਡ ਨਵਾਂ ਪਿੰਡ ਨਾਇਚਾ ਵਿੱਚ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਬਸਪਾ ਦੀਆ ਲੋਕਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਫਿਲੌਰ ਹਲਕੇ ਦੇ ਸਰਵ ਪੱਖੀ ਵਿਕਾਸ ਲਈ ਅੱਜ ਲੋੜ ਹੈ ਬਸਪਾ ਦੇ ਝੰਡੇ ਹੇਠ ਇਕੱਠੇ ਹੋਣ ਦੀ ਤਾਂ ਜੋ ਹਲਕੇ ਅੰਦਰ ਸਰਵ ਸਮਾਜ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਹਲਕੇ ਦਾ ਸੰਪੂਰਨ ਵਿਕਾਸ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਨਸ਼ਿਆਂ ਰੂਪੀ ਦੈਤ ਰਾਹੀਂ ਕੁਰਾਹੇ ਪਾ ਦਿੱਤੀ ਗਈ ਜਵਾਨੀ, ਤਬਾਹ ਕਰ ਦਿੱਤੇ ਗਏ ਵਪਾਰ, ਹਰ ਵਰਗ ਨਾਲ ਹੋ ਰਹੀ ਧੱਕੇਸ਼ਾਹੀ ਤੋਂ ਬਚਣ ਲਈ ਅੱਜ ਸਾਨੂੰ ਇਕ ਦੂਸਰੇ ਨਾਲ ਰਿਲੇਸ਼ਨ ਨਹੀਂ ਬਚਾਉਣੇ ਚਾਹੀਦੇ, ਬਲਕਿ ਹਲਕੇ ਸਮੇਤ ਸੂਬੇ ਦੀ ਜਨਰੇਸ਼ਨ ਬਚਾਉਣੀ ਚਾਹੀਦੀ ਹੈ। ਜਿਸ ਨੂੰ ਬਚਾਉਣ ਲਈ ਬਸਪਾ ਸਰਵ ਸਮਾਜ ਦੇ ਸਾਥ ਦੀ ਮੰਗ ਕਰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਬਸਪਾ ਹਲਕੇ ਅੰਦਰ ਚੰਗੀਆ ਸਿਹਤ ਸਹੂਲਤਾਵਾਂ, ਮਿਆਰੀ ਵਿੱਦਿਆ ਦੇ ਨਾਲ ਨਾਲ ਹਲਕੇ ਨੂੰ ਨਸ਼ਾ ਮੁਕਤ, ਰੇਤ ਮਾਫ਼ੀਆਂ ਮੁਕਤ, ਭ੍ਰਿਸ਼ਟਾਚਾਰ ਮੁਕਤ, ਪੁਲਿਸ ਸਟੇਸ਼ਨਾਂ ਨੂੰ ਰਾਜਨੀਤਕ ਦਖਲ ਤੋਂ ਮੁਕਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਹਲਕਾ ਫਿਲੌਰ ਨੂੰ ਹਰ ਪੱਖੋਂ ਸੰਪੂਰਨ ਬਣਾਉਣਾ ਹੈ, ਜਿੱਥੇ ਲੋਕ ਆਪਣੀਆਂ ਬੁਨਿਆਦੀ ਜਰੂਰਤਾਵਾਂ ਰੋਟੀ, ਕੱਪੜਾ, ਮਕਾਨ, ਵਿੱਦਿਆ, ਸਿਹਤ ਸੇਵਾਵਾਂ ਆਦਿ ਦਾ ਪੂਰਾ ਲਾਭ ਲੈ ਸਕਣਗੇ। ਇਸ ਮੌਕੇ ਹਰਮੇਸ਼ ਗੜ੍ਹਾ, ਮੈਂਬਰ ਬਲਾਕ ਸੰਮਤੀ ਸੁਖਵਿੰਦਰ ਬਿੱਟੂ, ਬਸਪਾ ਯੂਥ ਵਿੰਗ ਫਿਲੌਰ ਦੇ ਇੰਚਾਰਜ਼ ਜਸਵਿੰਦਰ ਝੱਲੀ, ਸਰਪੰਚ ਕਾਂਤੀ ਮੋਹਣ, ਰਵੀ ਚੌਹਾਨ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਪਿੰਡ ਵਾਸੀ ਮੌਜੂਦ ਸਨ