SA Bobde oath: ਨਵੀਂ ਦਿੱਲੀ, ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਸੋਮਵਾਰ ਨੂੰ ਭਾਰਤ ਦੇ 47 ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਜਸਟਿਸ ਰੰਜਨ ਗੋਗੋਈ ਦੀ ਥਾਂ ਲੈਣ ਵਾਲੇ ਜਸਟਿਸ ਬੋਬਡੇ 23 ਅਪ੍ਰੈਲ 2021 ਤੱਕ ਦੇਸ਼ ਦੇ ਸੀਜੇਆਈ ਵਜੋਂ ਸੇਵਾ ਨਿਭਾਉਣਗੇ।

ਜਸਟਿਸ ਬੋਬੜੇ ਅਯੁੱਧਿਆ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ਮਾਮਲੇ ਵਿੱਚ ਫੈਸਲਾ ਦੇਣ ਵਾਲੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਵਿੱਚ ਵੀ ਸ਼ਾਮਿਲ ਸਨ । ਇਸ ਤੋਂ ਇਲਾਵਾ ਜਸਟਿਸ ਸ਼ਰਦ ਅਰਵਿੰਦ ਬੋਬੜੇ ਨਿਜੱਤਾ ਦੇ ਅਧਿਕਾਰ ਲਈ ਗਠਿਤ ਸੱਤ ਜੱਜਾਂ ਦੀ ਸੰਵਿਧਾਨ ਬੈਂਚ ਵਿੱਚ ਵੀ ਸ਼ਾਮਿਲ ਰਹੇ ਸਨ । ਉਹ ਮਹਾਰਾਸ਼ਟਰ ਦੇ ਉੱਘੇ ਵਕੀਲਾਂ ਦੇ ਪਰਿਵਾਰ ਨਾਲ ਸੰਬੰਧਤ ਹਨ। ਉਨ੍ਹਾਂ ਨੂੰ ਅਪ੍ਰੈਲ 2013 ਵਿੱਚ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ।

ਦਰਅਸਲ, 24 ਅਪ੍ਰੈਲ,1956 ਨੂੰ ਨਾਗਪੁਰ ਵਿੱਚ ਜਨਮੇ ਜਸਟਿਸ ਸ਼ਰਦ ਅਰਵਿੰਦ ਬੋਬੜੇ ਪਹਿਲਾਂ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਵੀ ਰਹਿ ਚੁੱਕੇ ਹਨ । ਜਿੱਥੇ ਉਹ ਮੁੰਬਈ ਸਥਿਤ ਮਹਾਰਾਸ਼ਟਰ ਨੈਸ਼ਨਲ ਲਾਅ ਯੂਨੀਵਰਸਿਟੀ ਤੇ ਨਾਗਪੁਰ ਦੀ ਮਹਾਰਾਸ਼ਟਰ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ । ਜਸਟਿਸ ਐੱਸਏ ਬੋਬੜੇ ਪਿਛਲੇ ਅੱਠ ਸਾਲਾਂ ਤੋਂ ਸੁਪਰੀਮ ਕੋਰਟ ਦੇ ਜੱਜ ਹਨ ।

ਜਸਟਿਸ ਬੋਬੜੇ ਦੇ ਦਾਦਾ ਤੇ ਪਿਤਾ ਵੀ ਵਕੀਲ ਰਹੇ ਹਨ । ਉਨ੍ਹਾਂ ਦੇ ਪਿਤਾ ਅਰਵਿੰਦ ਬੋਬੜੇ 1980 ਤੇ 1985 ਵਿੱਚ ਮਹਾਰਾਸ਼ਟਰ ਦੇ ਐਡਵੋਕੇਟ ਜਨਰਲ ਸਨ । ਜਸਟਿਸ ਐੱਸਏ ਬੋਬੜੇ ਨੇ ਨਾਗਪੁਰ ਦੇ ਐੱਸਐੱਫ਼ਐੱਸ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ ਤੇ 1978 ਵਿੱਚ ਉਨ੍ਹਾਂ ਨਾਗਪੁਰ ਯੂਨੀਵਰਸਿਟੀ ਤੋਂ ਵਕਾਲਤ ਪਾਸ ਕੀਤੀ ਸੀ । ਉਨ੍ਹਾਂ ਨੂੰ 1998 ‘ਚ ਸੀਨੀਅਰ ਵਕੀਲ ਦੇ ਰੂਪ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਬਾਅਦ ਵਿੱਚ ਮਾਰਚ 2000 ਵਿੱਚ ਬੰਬੇ ਹਾਈ ਕੋਰਟ ਦੇ ਵਧੀਕ ਜੱਜ ਦੇ ਤੌਰ ‘ਤੇ ਤਰੱਕੀ ਦਿੱਤੀ ਗਈ ਸੀ ।