Priyanka Statement Exit Poll : ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਤੇ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਨੇ EXIT POLL ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਰਾਹੀਂ ਵਿਰੋਧੀ ਧਿਰ ਦਾ ਹੌਸਲਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਹਿੰਮਤ ਬਣਾ ਕੇ ਰੱਖਣ ਅਤੇ ਵੋਟਿੰਗ ਕੇਂਦਰਾਂ ‘ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਇਸ ਤਰ੍ਹਾਂ ਦੇ ਪ੍ਰਚਾਰ ਅਤੇ ਅਫਵਾਹਾਂ ‘ਤੇ ਧਿਆਨ ਦੇਣ ਦੀ ਬਜਾਏ ਸਾਵਧਾਨ ਰਹਿਣ ਦੀ ਲੋੜ ਹੈ।

ਪ੍ਰਿਅੰਕਾ ਨੇ ਵਰਕਰਾਂ ਨੂੰ ਕਿਹਾ ਕਿ ਇਸ ਦਰਮਿਆਨ ਤੁਹਾਡੀ ਸਾਵਧਾਨੀ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਸਟ੍ਰਾਂਗ ਰੂਮ ਅਤੇ ਕਾਊਂਟਿੰਗ ਕੇਂਦਰਾਂ ‘ਚ ਡਟੇ ਰਹੋ ਅਤੇ ਚੌਕਸ ਰਹੋ। ਸਾਨੂੰ ਪੂਰੀ ਉਮੀਦ ਹੈ ਕਿ ਤੁਹਾਡੀ ਮਿਹਨਤ ਫਲ ਲਿਆਵੇਗੀ।

ਜਿਕਰਯੋਗ ਹੈ ਕਿ ਲੋਕ ਸਭਾ ਚੋਣ 2019 ਦੇ ਆਖਰੀ ਯਾਨੀ 7ਵੇਂ ਗੇੜ ਦੀ ਵੋਟਿੰਗ ਖਤਮ ਹੋ ਚੁੱਕੀ ਹੈ। ਜਿਸ ਤੋਂ ਬਾਅਦ ਐਗਜ਼ਿਟ ਪੋਲ ਵੀ ਆਏ ਹਨ। 23 ਮਈ ਨੂੰ ਆਉਣ ਵਾਲੇ ਨਤੀਜਿਆਂ ਤੋਂ ਪਹਿਲਾਂ ਵੱਖ-ਵੱਖ ਚੈਨਲਾਂ ਤੇ ਅਖਬਾਰਾਂ ਵਲੋਂ ਕੀਤੇ ਗਏ ਐਗਜ਼ਿਟ ਪੋਲ ਦੇਸ਼ ਦਾ ਹਾਲ ਦੱਸ ਰਹੇ ਹਨ।

ਰਿਪਬਲਿਕ ਨੇ NDA ਨੂੰ 287 ਸੀਟਾਂ, ਯੂ. ਪੀ. ਏ ਨੂੰ 128 ਸੀਟਾਂ, ਮਹਾਂ-ਗਠਬੰਧਨ ਨੂੰ 40 ਅਤੇ ਹੋਰ ਨੂੰ 87 ਸੀਟਾਂ ਦਿੱਤੀਆਂ।ਨਿਊਜ਼ ਨੇਸ਼ਨ ਨੇ ਐਗਜ਼ਿਟ ਪੋਲ ‘ਚ NDA ਨੂੰ 282 ਤੋਂ 290ਸੀਟਾਂ, UPA ਨੂੰ 118 ਤੋਂ 126 ਸੀਟਾਂ ਅਤੇ ਹੋਰ ਨੂੰ 130 ਤੋਂ 138 ਸੀਟਾਂ ਦਿੱਤੀਆਂ। ਉੱਥੇ ਹੀ ਟਾਈਮਜ਼ ਨਾਓ ਅਤੇ ਵੀ. ਐੱਮ. ਆਰ ਦੇ ਸਰਵੇ ‘ਚ NDA ਨੂੰ 306 ਸੀਟਾਂ, ਯੂ. ਪੀ. ਏ ਨੂੰ 142 ਸੀਟਾਂ ਅਤੇ ਮਹਾਂ-ਗਠਬੰਧਨ ਅਤੇ ਹੋਰ ਨੂੰ 94 ਸੀਟਾਂ ਦਿੱਤੀਆਂ ਹਨ।

ਜਿਕਰਯੋਗ ਹੈ ਕਿ ਇਹ ਐਗਜ਼ਿਟ ਪੋਲ ਚੋਣ ਦੌਰਾਨ ਵੋਟਰਾਂ ਨਾਲ ਗੱਲਬਾਤ ਕਰਕੇ ਵੱਖ-ਵੱਖ ਸਿਆਸੀ ਦਲਾਂ, ਉਮੀਦਵਾਰਾਂ ਦੀ ਜਿੱਤ ਹਾਰ ਦੇ ਅਨੁਮਾਨ ਦੀ ਸਮੀਖਿਆ ਹੁੰਦਾ ਹੈ।