ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੀ ਇਕ ਅਦਾਲਤ ਨੇ ਸਰਕਾਰ ਖਿਲਾਫ਼ ਜੰਗ ਛੇੜਨ ਦੇ ਮਾਮਲੇ ਵਿਚ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ 3 ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ |
ਬੀ. ਐਸ. ਐਫ. ਵੱਲੋਂ 2007 ਵਿਚ ਭਾਰਤ-ਬੰਗਲਾਦੇਸ਼ ਸਰਹੱਦ ਤੋਂ ਫੜੇ ਗਏ ਇਨ੍ਹਾਂ ਤਿੰਨ ਅੱਤਵਾਦੀਆਂ ਵਿਚੋਂ ਦੋ ਪਾਕਿਸਤਾਨ ਦੇ ਸੀ | ਪੱਛਮੀ ਬੰਗਾਲ ਵਿਚ ਬੋਨਗਾਓ ਦੀ ਫਾਸਟ ਟ੍ਰੈਕ ਅਦਾਲਤ-1 ਦੇ ਜੱਜ ਬਿਨੇ ਕੁਮਾਰ ਪਾਠਕ ਨੇ ਪਾਕਿਸਤਾਨੀ ਅੱਤਵਾਦੀ ਮੁਹੰਮਦ ਯੂਨਸ, ਅਬਦੁੱਲਾ ਅਤੇ ਭਾਰਤ ਦੇ ਇਕ ਅੱਤਵਾਦੀ ਮੁਜ਼ੱਫਰ ਅਹਿਮਦ ਰਾਠੌੜ ਨੂੰ ਮੌਤ ਦੀ ਸਜ਼ਾ ਸੁਣਾਈ ਹੈ | ਸੀ. ਆਈ. ਡੀ. ਦੇ ਡੀ. ਆਈ. ਜੀ. (ਅਪ੍ਰੇਸ਼ਨ) ਨਿਸ਼ਾਦ ਪਰਵੇਜ ਨੇ ਦੱਸਿਆ ਕਿ ਉਕਤ ਤਿੰਨਾਂ ‘ਤੇ ਭਾਰਤੀ ਕਾਨੂੰਨ ਦੀਆਂ ਧਾਰਾਵਾਂ 120 ਬੀ, (ਅਪਰਾਧਿਕ ਸਾਜਿਸ਼ ਰਚਣ ਦੀ ਸਜ਼ਾ) 121 (ਜੰਗ ਛੇੜਨ ਦੀ ਕੋਸ਼ਿਸ਼ ਲਈ) ਅਤੇ 122 (ਭਾਰਤ ਸਰਕਾਰ ਖਿਲਾਫ ਜੰਗ ਛੇੜਨ ਦੇ ਲਈ ਹਥਿਆਰ ਇਕੱਠੇ ਕਰਨਾ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਅਬਦੁੱਲਾ ਪਾਕਿਸਤਾਨ ਦੇ ਕਰਾਚੀ ਅਤੇ ਯੂਨਸ ਪਾਕਿਸਤਾਨ ਦੇ ਹਰੀਪੁਰ ਦਾ ਵਸਨੀਕ ਹੈ ਜਦਕਿ ਮੁਜ਼ੱਫਰ ਅਹਿਮਦ ਰਾਠੌੜ ਜੰਮੂ-ਕਸ਼ਮੀਰ ਦੇ ਅਨੰਤਨਾਗ ਦਾ ਵਸਨੀਕ ਹੈ | ਬੀ. ਐਸ. ਐਫ. ਵੱਲੋਂ ਉਕਤ ਤਿੰਨਾਂ ਨੂੰ ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਪੇਟਰਾਪੋਲ ਤੋਂ 4 ਅਪ੍ਰੈਲ 2007 ਨੂੰ ਉਸ ਸਮੇਂ ਗਿ੍ਫਤਾਰ ਕੀਤਾ ਗਿਆ ਜਦੋਂ ਉਹ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ | ਉਨ੍ਹਾਂ ਦੀ ਜੰਮੂ-ਕਸ਼ਮੀਰ ਵਿਚ ਸੈਨਾ ਦੇ ਕੈਂਪਾਂ ‘ਤੇ ਹਮਲਾ ਕਰਨ ਦੀ ਯੋਜਨਾ ਸੀ, ਪ੍ਰੰਤੂ ਪਹਿਲਾਂ ਹੀ ਬੀ. ਐਸ. ਐਫ. ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਬੋਨਗਾਓ ਦੀ ਪੁਲਿਸ ਨੂੰ ਸੌਾਪ ਦਿੱਤਾ | ਜਾਂਚ ਦੌਰਾਨ ਪਾਇਆ ਗਿਆ ਫੜੇ ਗਏ ਚਾਰੇ ਅੱਤਵਾਦੀ ਏ ਕੇ 47 ਚਲਾਉਣ, ਹੱਥ ਗੋਲਿਆਂ ਦੀ ਵਰਤੋਂ ਕਰਨ ਅਤੇ ਬੰਬ ਬਣਾਉਣ ਵਿਚ ਪੂਰੀ ਤਰਾਂ ਨਾਲ ਨਿਪੁੰਨ ਸਨ | ਉਕਤ ਤਿੰਨਾਂ ਨਾਲ ਹੀ ਕਾਬੂ ਕੀਤੇ ਗਏ ਚੌਥੇ ਲਸ਼ਕਰ ਦੇ ਅੱਤਵਾਦੀ ਦਾ ਨਾਮ ਸ਼ੇਖ ਅਬਦੁੱਲਾ ਨਹੀਮ ਉਰਫ ਸਮੀਰ ਸੀ ਜੋ ਕਿ ਮਹਾਰਾਸ਼ਟਰ ਦਾ ਸੀ, ਉਹ 2013 ਵਿਚ ਉਸ ਸਮੇਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ ਸੀ, ਜਦੋਂ ਉਸਨੂੰ ਮੁੰਬਈ ਲਿਜਾਇਆ ਜਾ ਰਿਹਾ ਸੀ | ਜਾਂਚ ਦੌਰਾਨ ਪਤਾ ਲੱਗਾ ਕਿ ਅਬਦੁੱਲਾ ਇਕ ਅਧਿਆਪਕ ਸੀ ਜਦਕਿ ਸ਼ੇਖ ਅਬਦੁੱਲਾ ਨਹੀਮ ਇੰਜੀਨੀਅਰ ਸੀ, ਉਹ ਦੋਵੇ ਮੁੰਬਈ ਵਿਚ ਇਕ ਬੰਬ ਧਮਾਕੇ ਦੀ ਘਟਨਾ ਵਿਚ ਸ਼ਾਮਿਲ ਸੀ | ਜਾਂਚ ਦੌਰਾਨ ਮੌਤ ਦੀ ਸਜ਼ਾ ਵਾਲੇ ਤਿੰਨਾਂ ਅੱਤਵਾਦੀਆਂ ਦੇ ਸੂਬੇ ਦੀ ਸੀ. ਆਈ. ਡੀ. ਵੱਲੋਂ ਪੋਲੀਗ੍ਰਾਫ, ਨਾਰਕੋ ਤੇ ਬਰੈਨ ਮੈਪਿੰਗ ਟੈਸਟ ਵੀ ਕੀਤੇ ਗਏ ਸਨ |