J.N.U rollback of hostel fee hikes:ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵੱਲੋਂ ਹੋਸਟਲ ਅਤੇ ਕਈ ਹੋਰ ਚੀਜ਼ਾਂ ਦੀ ਫੀਸਾਂ ਵਿੱਚ ਵਾਧਾ ਕੀਤਾ ਸੀ। ਜਿਸ ਦੇ ਖਿਲਾਫ ਜੇ.ਐਨ.ਯੂ ਦੇ ਵਿਧਿਆਰਥੀਆਂ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਸੀ। ਜੇ.ਐਨ.ਯੂ ਪ੍ਰਸ਼ਾਸਨ ਵੱਲੋਂ ਕਮਰੇ ਦੇ ਕਿਰਾਏ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਸੀ। ਪਹਿਲਾਂ ਇੱਕ ਸਿੰਗਲ ਸੀਟਰ ਹੋਸਟਲ ਦੇ ਕਮਰੇ ਦਾ ਕਿਰਾਇਆ 20 ਰੁਪਏ ਸੀ, ਜਦੋਂ ਕਿ ਇਸ ਨੂੰ ਵਧਾ ਕੇ 600 ਰੁਪਏ ਕਰ ਦਿੱਤਾ ਗਿਆ ਸੀ ਅਤੇ ਡਬਲ ਸੀਟਰ ਦਾ ਕਿਰਾਇਆ ਪਹਿਲਾਂ 10 ਰੁਪਏ ਸੀ ਜੋ ਵਧਾ ਕੇ 300 ਰੁਪਏ ਕਰ ਦਿੱਤਾ ਗਿਆ ਸੀ। ਜਿਸ ਕਾਰਨ ਗਰੀਬ ਵਰਗਾਂ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਜੇ.ਐਨ.ਯੂ ਪ੍ਰਸ਼ਾਸਨ ‘ਤੇ ਦੋਸ਼ ਲਗਾਇਆ ਹੈ ਕਿ ਪ੍ਰਸ਼ਾਸਨ ਉਨ੍ਹਾਂ ਦੇ ਭਵਿੱਖ ਨਾਲ ਖੇਡ ਰਿਹਾ ਹੈ।

ਪਰ ਹੁਣ ਵਿਧਿਆਰਥੀਆਂ ਦੇ ਜ਼ੋਰ-ਦਾਰ ਪ੍ਰਦਰਸ਼ਨ ਤੋਂ ਬਾਅਦ ਜੇ.ਐਨ.ਯੂ ਦੀ ਕਾਰਜਕਾਰੀ ਕਮੇਟੀ ਵੱਲੋਂ ਹੋਸਟਲ ਅਤੇ ਹੋਰ ਚੀਜ਼ਾ ‘ਤੇ ਫੀਸਾਂ ਵਧਾਉਣ ਵਾਲੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਇਸਦੇ ਨਾਲ ਹੀ ਆਰਥਿਕ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਦੀ ਸਹਾਇਤਾ ਲਈ ਇੱਕ ਯੋਜਨਾ ਦਾ ਪ੍ਰਸਤਾਵ ਵੀ ਦਿੱਤਾ ਗਿਆ ਹੈ। ਦੱਸ ਦਇਏ ਅਚਾਨਕ ਫੀਸਾਂ ਵਿੱਚ ਹੋਏ ਵਾਧੇ ਦੇ ਬਾਅਦ ਤੋਂ ਹੀ ਵਿਧਿਆਰਥੀਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਬੁੱਧਵਾਰ ਨੂੰ ਹੋਈ ਕਾਰਜਕਾਰੀ ਕੌਂਸਲ ਦੀ ਮੀਟਿੰਗ ਵਿੱਚ ਵਿਦਿਆਰਥੀ ਯੂਨੀਅਨ ਦੇ ਨੁਮਾਇੰਦਿਆਂ ਨੂੰ ਨਾ ਬੁਲਾਉਣ ਤੋਂ ਨਾਖ਼ੁਸ਼ ਹੋਏ ਵਿਦਿਆਰਥੀਆਂ ਨੇ ਪ੍ਰਬੰਧਕੀ ਭਵਨ ਦੇ ਸਾਹਮਣੇ ਪ੍ਰਦਰਸ਼ਨ ਵੀ ਕੀਤਾ। ਫੀਸਾਂ ਵਿਚ ਵਾਧੇ ਦੇ ਮਾਮਲੇ ਵਿਚ ਵਿਦਿਆਰਥੀ ਯੂਨੀਅਨ ਨੇ ਪਹਿਲਾਂ ਹੀ ਪ੍ਰਸ਼ਾਸਨ ਨੂੰ ਸਾਫ ਸ਼ਬਦਾਂ ਵਿਚ ਕਹਿ ਦਿੱਤਾ ਸੀ ਕਿ ਜਦੋਂ ਤਕ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣਦਾ ਉਦੋਂ ਤੱਕ ਸਾਡਾ ਪ੍ਰਦਰਸ਼ਨ ਜਾਰੀ ਰਹੇਗਾ।

ਪ੍ਰਦਰਸ਼ਨ ਤੋਂ ਬਾਅਦ ਮਨੁੱਖੀ ਸਰੋਤ ਵਿਭਾਗ ਦੇ ਸਿੱਖਿਆ ਸਕੱਤਰ ਆਰ ਸੁਬ੍ਰਹਮਣਯਮ ਨੇ ਕਿਹਾ ਕਿ ਜੇ.ਐਨ.ਯੂ ਦੀ ਕਾਰਜਕਾਰੀ ਕਮੇਟੀ ਨੇ ਹੋਸਟਲ ਫੀਸਾਂ ਸਮੇਤ ਸਾਰੇ ਵਾਧੇ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਵਿੱਤੀ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਲਈ ਵੱਖਰੀਆਂ ਯੋਜਨਾਵਾਂ ਲਿਆ ਕੇ ਉਨ੍ਹਾਂ ਦੀ ਸਹਾਇਤਾ ਕੀਤੀ ਜਾਏਗੀ।