punjab government increases cess: ਚੰਡੀਗੜ੍ਹ: ਪੰਜਾਬ ਵਿੱਚ ਪਹਿਲਾਂ ਤੋਂ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀਂ ਚੜ੍ਹੀਆਂ ਹੋਈਆਂ ਹਨ । ਹੁਣ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ‘ਤੇ 10 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਸੈਸ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਵੱਲੋਂ ਹੁਣ ਸਿਰਫ ਤੇਲ ਹੀ ਨਹੀਂ ਬਲਕਿ ਗੱਡੀਆਂ ‘ਤੇ VIP ਨੰਬਰ ਲਵਾਉਣ ਲਈ ਵੀ ਪਹਿਲਾਂ ਦੇ ਮੁਕਾਬਲੇ ਵੱਧ ਪੈਸੇ ਖਰਚਣੇ ਪੈਣਗੇ ।

ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੇ ਆਖ਼ਰੀ ਦਿਨ ‘ਦ ਪੰਜਾਬ ਅਰਬਨ ਟ੍ਰਾਂਸਪੋਰਟ ਫੰਡ ਬਿਲ 2019’ ਪਾਸ ਕਰਕੇ ਸੂਬੇ ਦੀ ਸ਼ਹਿਰੀ ਵਸੋਂ ’ਤੇ 25 ਕਰੋੜ ਰੁਪਏ ਦਾ ਬੋਝ ਪਾ ਦਿੱਤਾ ਗਿਆ ਹੈ । ਜਿਸ ਨਾਲ ਸ਼ਹਿਰਾਂ ਵਿੱਚ ਡੀਜ਼ਲ ਅਤੇ ਪੈਟਰੋਲ 10 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਜਾਵੇਗਾ ।

ਬੀਤੇ ਦਿਨ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਵਿਧਾਨ ਸਭਾ ਵਿੱਚ ਬਿਲ ਪੇਸ਼ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ । ਦਰਅਸਲ, ਇਹ ਬਿਲ ਪਾਸ ਹੋਣ ਨਾਲ ‘ਸ਼ਹਿਰੀ ਬੱਸ ਪ੍ਰਾਜੈਕਟ’ ਲਈ ਸ਼ਹਿਰੀ ਖੇਤਰਾਂ ਦੇ ਪੈਟਰੋਲ ਅਤੇ ਡੀਜ਼ਲ ਪੰਪਾਂ ’ਤੇ ਤੇਲ ਦੀ ਵਿਕਰੀ ’ਤੇ 10 ਪੈਸੇ ਪ੍ਰਤੀ ਲੀਟਰ ਸੈੱਸ ਲੱਗ ਜਾਵੇਗਾ । ਇਸ ਸਭ ਤੋਂ ਇਲਾਵਾ ਸਰਕਾਰ ਵੱਲੋਂ VIP ਨੰਬਰਾਂ ’ਤੇ ਵੀ 10 ਫ਼ੀਸਦੀ ਸੈੱਸ ਲਾ ਦਿੱਤਾ ਗਿਆ ਹੈ ।

ਦੱਸ ਦੇਈਏ ਕਿ ਪੈਟਰੋਲ-ਡੀਜ਼ਲ ਮਹਿੰਗਾ ਕਰਨ ਅਤੇ ਨੰਬਰਾਂ ’ਤੇ ਸੈੱਸ ਲਗਾਉਣ ਨਾਲ ਰਾਜ ਸਰਕਾਰ ਨੂੰ ਸਾਲਾਨਾ 25 ਕਰੋੜ ਰੁਪਏ ਮਿਲਣਗੇ । ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਇਸ ਪੈਸੇ ਦੀ ਵਰਤੋਂ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਜਲੰਧਰ ਅਤੇ ਪਟਿਆਲਾ ਦੀ ਸ਼ਹਿਰੀ ਟ੍ਰਾਂਸਪੋਰਟ ਨੂੰ ਵਧੀਆ ਬਣਾਉਣ ਲਈ ਕੀਤੀ ਜਾਵੇਗੀ ।