
ਗੱਲ ਸਮੁੱਚੇ ਦੇਸ਼ ਦੀ ਕਰੀਏ ਜਾਂ ਫਿਰ ਪੰਜਾਬ ਦੀ, ਲੋਕਤੰਤਰ ਦੇ ਚੌਥੇ ਥੰਮ ਯਾਣਿ ਕਿ ਮੀਡੀਆ ਦਾ ‘ਕਤਲ’ ਕਰਨ ਤੇ ਹਾਕਮ ਧਿਰਾਂ ਪੂਰੀ ਤਰ੍ਹਾਂ ਨਾਲ ਉਤਾਰੂ ਹੋ ਚੁੱਕੀਆਂ ਨੇ। ਪਹਿਲਾਂ ਵੀ ਲਿਖੇ ਆਪਣੇ ਲੇਖ ਵਿੱਚ ਤੁਹਾਡੇ ਤੱਕ ਦੇਸ਼ ਵਿੱਚ ਪੱਤਰਕਾਰਾਂ ‘ਤੇ ਹੋਣ ਵਾਲੇ ਹਮਲਿਆਂ ਅਤੇ ਪੱਤਰਕਾਰਾਂ ਨਾਲ ਹੋਣ ਵਾਲੀਆਂ ਵਧੀਕੀਆਂ ਤੋਂ ਤੁਹਾਨੂੰ ਜਾਣੂ ਕਰਵਾਇਆ ਸੀ ਅਤੇ ਅੱਜ ਗੱਲ ਫਿਰ ਉਸੇ ਸੰਦਰਭ ਵਿੱਚ ਕਰ ਰਹੇ ਹਾਂ। ਦਰਅਸਲ ਪਹਿਲਾਂ ਗੱਲ ਦੇਸ਼ ਪੱਧਰ ਦੀ ਸੀ ਪਰ ਅੱਜ ਗੱਲ ਪੰਜਾਬ ਦੀ ਕਰਾਂਗੇ। ਗੱਲ ਕਰਨ ਤੋਂ ਪਹਿਲਾਂ ਕਿਸੇ ਸ਼ਾਇਰ ਦੀਆਂ ਉਹ ਸਤਰਾਂ ਛਾਦ ਆ ਰਹੀਆਂ ਨੇ ਜਿਨਾਂ ਵਿੱਚ ਲਿਿਖਆ ਹੈ ਕਿ ‘ਕਲਮ ਦੇਸ਼ ਦੀ ਸ਼ਕਤੀ ਹੈ ਭਾਵ ਜਗਾਨੇ ਵਾਲੀ ਹੈ ਦਿਲ ਹੀ ਨਹੀਂ ਦਿਮਾਗੋਂ ਮੇਂ ਭੀ ਆਗ ਲਗਾਨੇ ਵਾਲੀ ਹੈ’ ਅਤੇ ਇਸੇ ਅੱਗ ਦਾ ਸੇਕ ਜਦੋਂ ਸਰਕਾਰਾਂ ਜਾਂ ਫਿਰ ਕੁੱਝ ਸਰਕਾਰੀ ਨੁਮਾਇੰਦਿਆਂ ਨੂੰ ਲੱਗਦਾ ਹੈ ਤਾਂ ਫਿਰ ਸ਼ੁਰੂ ਹੁੰਦਾ ਹੈ ‘ਕਲਮ’ ਨੂੰ ਦੱਬਣ ਦਾ ਖੇਡ। ਪੰਜਾਬ ਵਿੱਚ ਬੀਤੇ ਕੁੱਝ ਦਿਨਾਂ ਤੋਂ ਪੱਤਰਕਾਰਾਂ ਨਾਲ ਵਧੀਕੀਆਂ ਜਾਂ ਫਿਰ ਪੱਤਰਕਾਰਾਂ ਦੀ ਆਵਾਜ਼ ਨੂੰ ਦੱਬਣ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਉਹ ਫਿਰ ਭਾਵੇਂ ਪੁਲਿਸ ਹੋਵੇ ਜਾਂ ਫਿਰ ਸੂਬੇ ਦੀ ਕਾਂਗਰਸ ਸਰਕਾਰ ਅਤੇ ਜਾਂ ਫਿਰ ਕਾਂਗਰਸ ਦੇ ਆਗੂ, ਕਿਸੇ ਵੱਲੋਂ ਵੀ ਪੱਤਰਕਾਰਾਂ ਨੂੰ ਦੱਬਣ ਦੀ ਕਸਰ ਨਹੀਂ ਛੱਡੀ ਜਾ ਰਹੀ। ਦੇਖੋ, ਹਰ ਪ੍ਰੋਫੈਸ਼ਨ ਵਿੱਚ ਕਿਤੇ ਨਾ ਕਿਤੇ ਨਿੱਜੀ ਹਿੱਤ ਜੁੜੇ ਹੁੰਦੇ ਨੇ ਜਾਂ ਫਿਰ ਨਿੱਜੀ ਫਾਇਦੇ ਦੇਖੇ ਜਾਂਦੇ ਨੇ ਪਰ ਮੀਡੀਆ ਹੀ ਇੱਕ ਅਜਿਹਾ ਪੇਸ਼ਾ ਹੈ ਜਿਸ ਵਿੱਚ ਨਰੋਲ ਸਮਾਜ ਸੇਵਾ ਹੁੰਦੀ ਹੈ। ਕੁੱਝ ਲੋਕ ਇਸ ਗੱਲ ਤੇ ਸ਼ਾਇਦ ਗਲਤ ਸੋਚਣਗੇ ਜਾਂ ਫਿਰ ਪੁੱਠੀਆਂ ਟਿੱਪਣੀਆਂ ਕਰਨਗੇ ਪਰ ਇਹ ਹਕੀਕਤ ਹੈ ਕਿਉਂਕਿ ਮਸਲਾ ਕਿਸੇ ਦਾ, ਜੁੜਿਆ ਕਿਸੇ ਨਾਲ ਹੁੰਦਾ ਹੈ ਪਰ ਉਸ ਵਿੱਚ ਖੁੱਬ ਕੇ ਕੰਮ ਮੀਡੀਆ ਕਰਮੀ ਕਰਦੇ ਨੇ। ਇਨਸਾਫ ਕਿਸੇ ਨੂੰ ਨਹੀਂ ਮਿਲ ਰਿਹਾ ਹੁੰਦਾ, ਇਨਸਾਫ ਦੇ ਕੋਈ ਨਹੀਂ ਰਿਹਾ ਹੁੰਦਾ ਪਰ ਇਨਸਾਫ ਦਵਾਉਣ ਦੀ ਜਿੰਮੇਦਾਰੀ ਮੀਡੀਆ ਚੁੱਕਦਾ ਹੈ ਅਤੇ ਸੋਚ ਕੇ ਦੇਖੋ ਜੇਕਰ ਮੀਡੀਆ ਨਾ ਹੋਵੇ ਤਾਂ ਦੇਸ਼ ਦਾ ਮਾਹੌਲ ਹੋਵੇ ਕੀ ? ਇਹ ਗੱਲ ਜਦੋਂ ਤਸੱਲੀ ਨਾਲ ਸੋਚੀ ਜਾਵੇਗੀ ਫਿਰ ਸ਼ਾਇਦ ਮੀਡੀਆ ਪ੍ਰਤੀ ਨੈਗੇਟਿਵ ਸੋਚ ਰੱਖਣ ਵਾਲੇ ਵੀ ਆਪਣੇ ਅੰਦਰੋਂ ਪਾਜ਼ਿਿਟਵ ਜ਼ਰੂਰ ਹੋਣਗੇ ਬਾਹਰੋਂ ਭਾਵੇਂ ਉਹ ਕੁੱਝ ਹੋਰ ਬੋਲਣ। ਗੱਲ ਮੀਡੀਆ ਦੀ ਆਵਾਜ਼ ਨੂੰ ਦੱਬਣ ਦੀ ਕਰਨੀ ਹੈ ਸੋ ਉਸੇ ਤੇ ਆਉਂਦੇ ਹਾਂ। ਤਾਜ਼ਾ ਮਾਮਲਾ ਹੈ ਪੰਜਾਬ ਵਿਧਾਨਸਭਾ ਵੱਲੋਂ ਪੱਤਰਕਾਰ ਪਰਮਿੰਦਰ ਬਰਿਆਣਾ ਨੂੰ ਤਲਬ ਕੀਤੇ ਜਾਣ ਦਾ ਅਤੇ ਇਲਜ਼ਾਮ ਹੈ ਕਿ ਪੱਤਰਕਾਰ ਪਰਮਿੰਦਰ ਬਰਿਆਣਾ ਨੇ ਆਪਣੀ ਇੱਕ ਇੰਟਰਵਿਊ ਦੌਰਾਨ ਜੋ ਸ਼ਬਦਾਵਲੀ ਵਰਤੀ ਉਸਦੇ ਨਾਲ ਪੰਜਾਬ ਵਿਧਾਨਸਭਾ ਦੀ ਤੌਹੀਨ ਹੋਈ ਹੈ। ਕਾਂਗਰਸ ਦੇ ਵਿਧਾਇਕ ਕੁਲਬੀਰ ਜ਼ੀਰਾ ਵੱਲੋਂ ਇਸ ਬਾਬਤ ਪੰਜਾਬ ਵਿਧਾਨਸਭਾ ਦੇ ਸਪੀਕਰ ਨੂੰ ਇਸ ਬਾਬਤ ਦਿੱਤੀ ਗਈ ਆਪਣੀ ਸ਼ਿਕਾਇਤ ਵਿੱਚ ਇਸ ਸਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਬਰਿਆਣਾ ਨੂੰ ਤਲਬ ਕੀਤਾ ਗਿਆ ਹੈ। ਗੱਲ ਇਸ ਤੋਂ ਪਹਿਲੀਆਂ ਦੀ ਕਰੀਏ ਤਾਂ ਲੋਕਸਭਾ ਚੋਣਾਂ ਦੌਰਾਨ ਬਠਿੰਡਾ ਤੋਂ ਚੋਣ ਲੜ ਰਹੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇੱਕ ਸਭਾ ਵਿੱਚ ਪੱਤਰਕਾਰ ਨਾਲ ਸ਼ਰੇਆਮ ਕੁੱਟਮਾਰ ਕੀਤੀ ਗਈ ਅਤੇ ਉਸਨੂੰ ਗਾਲ੍ਹਾਂ ਤੱਕ ਕੱਢੀਆਂ ਗਈਆਂ ਪਰ ਕਾਰਵਾਈ ਦੇ ਨਾਮ ਤੇ ਕੁੱਝ ਨਹੀਂ ਕੀਤਾ ਗਿਆ। ਇਸ ਤੋਂ ਅਲਾਵਾ ਜੂਨ ਮਹੀਨੇ ਵਿੱਚ ਸੰਗਰੂਰ ਤੋਂ ਪੱਤਰਕਾਰ (ਫੋਟੋ ਜਰਨਲਿਸਟ) ਸੰਜੀਵ ਕੁਮਾਰ ਵਰਮਾ ਨਾਲ ਤਾਂ ਪੁਲਿਸ ਨੇ ਹੀ ਕੁੱਟਮਾਰ ਕੀਤੀ ਅਤੇ ਕੁੱਟਮਾਰ ਵੀ ਇੰਨੀਂ ਜ਼ਿਆਦਾ ਕਿ ਉਸ ਕੋਲੋਂ ਤੁਰਿਆ ਵੀ ਨਹੀਂ ਸੀ ਜਾ ਰਿਹਾ। ਹੁਣ ਜਦੋਂ ਕੁੱਟਮਾਰ ਹੀ ਪੁਲਿਸ ਨੇ ਕੀਤੀ ਹੋਵੇ ਤਾਂ ਇਨਸਾਫ ਦੀ ਆਸ ਕਿਸ ਕੋਲੋਂ ਕੀਤੀ ਜਾਵੇ। ਮੀਡੀਆ ਦੇ ਸਾਥੀਆਂ ਨੇ ਹਾਅ ਦਾ ਨਾਅਰਾ ਤਾਂ ਮਾਰਿਆ ਪਰ ਸਰਕਾਰ ਅਤੇ ਸਰਕਾਰੀ ਤੰਤਰ ਦੇ ‘ਗੱਠਜੋੜ’ ਕਰਕੇ ਕਾਰਵਾਈ ਇੱਥੇ ਵੀ ਨਹੀਂ ਹੋਈ। ਗੱਲ ਰਾਮਪੁਰਾ ਫੂਲ ਦੀ ਕਰਦੇ ਹਾਂ ਜਿੱਥੇ ਦੇ ਪਿੰਡ ਮਹਿਰਾਜ਼ ਵਿਖੇ ਇੱਕ ਧਰਨੇ ‘ਤੇ ਆਪਣਾ ਪੱਖ ਰੱਖਣ ਲਈ ਕਾਂਗਰਸੀਆਂ ਨੇ ਇੱਕ ਪ੍ਰੈਸ ਕਾਨਫਰੰਸ ਬੁਲਾਈ ਪਰ ਇਹ ਗੁੰਡਾਗਰਦੀ ਹੀ ਹੈ ਕਿ ਉਥੇ ਆਏ ਪੱਤਰਕਾਰਾਂ ਨਾਲ ਹੀ ਮਾਰਕੁੱਟ ਕੀਤੀ ਗਈ ਅਤੇ ਗਾਲ੍ਹਾਂ ਕੱਢੀਆਂ ਗਈਆਂ। ਕਾਰਵਾਈ ਇਸ ਮਸਲੇ ਵਿੱਚ ਵੀ ਨਹੀਂ ਹੋਈ। ਇਹ ਚੰਦ ਕੁ ਉਹ ਮਾਮਲੇ ਨੇ ਜਿਹੜੇ ਹਾਲ ਹੀ ਦੇ ਵਿੱਚ ਹੋਏ ਨੇ ਜਦਕਿ ਪੰਜਾਬ ਵਿੱਚ ਪੱਤਰਕਾਰਾਂ ਅਤੇ ਲੋਕਰਾਜ ਦੇ ਚੌਥੇ ਥੰਮ ਦੀ ਆਵਾਜ਼ ਨੂੰ ਦੱਬਣ ਦੇ ਮਾਮਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ ਜਿਸਨੂੰ ਰਿਪੋਰਟ ਕਰਨਾ ਬਹੁਤ ਔਖਾ ਕੰਮ ਹੋਵੇਗਾ ਪਰ ਕਿਸੇ ਵੀ ਪੱਤਰਕਾਰ ਦੇ ਮਾਮਲੇ ਵਿੱਚ ਛੇਤੀਂ ਕਿਤੇ ਕਾਰਵਾਈ ਨਹੀਂ ਹੁੰਦੀ ਦੇਖੀ। ਸਵਾਲ ਇਹ ਹੈ ਕਿ ਜਿਹੜੇ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਉਸ ਮੀਡੀਆ ਨੂੰ ਆਖਿਰ ਦੱਬਣ ਦੀਆਂ ਕੋਸ਼ਿਸ਼ਾਂ ਜਾਂ ਫਿਰ ਕਿਹਾ ਜਾਵੇ ਕਿ ਸਾਜ਼ਿਸ਼ਾਂ ਕਿਉਂ ਕੀਤੀਆਂ ਜਾ ਰਹੀਆਂ ਹਨ ? ਸਵਾਲ ਇਹ ਵੀ ਹੈ ਕਿ ਜਿਸ ਮੀਡੀਆ ਦੀ ‘ਸ਼ਰਣ’ ਵਿੱਚ ਆ ਕੇ ਲੀਡਰ ਆਪਣੀ ਗੱਲ ਲੋਕਾਂ ਤੱਕ ਪਹੁੰਚਾ ਕੇ ਵੱਡੇ ਅਹੁਦਿਆਂ ਦਾ ਆਨੰਦ ਮਾਣਦੇ ਨੇ, ਉਸੇ ਮੀਡੀਆ ਨਾਲ ਇੰਨੀਆਂ ਵਧੀਕੀਆਂ ਅਤੇ ਧੱਕੇਸ਼ਾਹੀਆਂ ਕਿਉਂ ? ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਜਿਸ ਮੀਡੀਆ ਨੇ ਲੀਡਰ ਬਣਾਏ ਨੇ ਉਸ ਮੀਡੀਆ ਨਾਲ ਜਦੋਂ ਧੱਕਾ ਹੁੰਦਾ ਹੈ ਜਾਂ ਫਿਰ ਉਸ ਮੀਡੀਆ ਦੀ ਆਵਾਜ਼ ਜਦੋਂ ਦੱਬੀ ਜਾਂਦੀ ਹੈ ਤਾਂ ਮੀਡੀਆ ਦੇ ਹੱਕ ਵਿੱਚ ਹਾਅ ਦਾ ਨਾਅਰਾ ਕਿਉਂ ਨਹੀਂ ਮਾਰਦੇ, ਮੀਡੀਆ ਦੇ ਹੱਕ ਵਿੱਚ ਖੁੱਲ੍ਹ ਕੇ ਕਿਉਂ ਨਹੀਂ ਖੜੇ ਹੁੰਦੇ ? ਜਦੋਂ ਮੀਡੀਆ ਨਾਲ ਵਧੀਕਿਆਂ ਹੁੰਦੀਆਂ ਨੇ ਤਾਂ ਫਿਰ ਲੀਡਰ ਇੱਕ ਹੁੰਦੇ ਜ਼ਿਆਦਾ ਦਿਖਾਈ ਦਿੰਦੇ ਨੇ, ਅਜਿਹਾ ਵੀ ਕਿਉਂ ਹੁੰਦਾ ਸਵਾਲ ਤਾਂ ਇਹ ਵੀ ਹੈ। ਆਪਣੇ ਮੁਫਾਦ ਲਈ ਧਰਨਿਆਂ ਦੀ ਸਿਆਸਤ ਕਰਨ ਵਾਲੇ ਲੀਡਰਾਂ ਨੇ ਲੋਕਰਾਜ ਦੇ ਚੌਥੇ ਥੰਮ ਦੇ ਹੱਕ ਵਿੱਚ ਕਿੰਨੀਂ ਕੁ ਵਾਰ ਧਰਨੇ ਲਾਏ ਨੇ ਸਵਾਲ ਇਹ ਵੀ ਉੱਠਦਾ ਹੈ ਪਰ ਜਵਾਬ ਦੇਣਾ ਕਿਸਨੇ ਹੈ ਸਵਾਲ ਇਹੀ ਸੀ, ਇਹੀ ਹੈ ਅਤੇ ਸ਼ਾਇਦ ਇਹ ਹੀ ਰਹੇਗਾ। ਇੱਕ ਸ਼ਾਇਰ ਨੇ ਲਿਿਖਆ ਹੈ ਕਿ ‘ਜ਼ਮੀਂ ਬੇਚ ਦੇਂਗੇ ਜ਼ਮਾਂ ਬੇਚ ਦੇਂਗੇ, ਯੇ ਮੁਰਦੋਂ ਕੇ ਸਰ ਕਾ ਕਫਨ ਬੇਚ ਦੇਂਗੇ, ਕਲਮ ਕੇ ਸਿਪਾਹੀ ਅਗਰ ਚੁੱਪ ਰਹੇ ਤੋ, ਵਤਨ ਕੇ ਯੇ ਨੇਤਾ ਵਤਨ ਬੇਚ ਦੇਂਗੇ’ ਇਸਲਈ ਲੋੜ ਹੈ ਲੋਕਤੰਤਰ ਦੇ ਰਾਖਿਆਂ ਨੂੰ ਆਪਣੀ ਰਾਖੀ ਆਪਣੇ ਆਪ ਕਰਨ ਦੀ ਅਤੇ ਲੋਕਰਾਜ ਦੇ ਚੌਥੇ ਥੰਮ ਦੇ ਇਨਾਂ ਰਾਖਿਆਂ ਨੂੰ ਇੱਕਜੁੱਟ ਹੋ ਕੇ ਇਨਾਂ ਤਾਕਤਾਂ ਦਾ ਮੁਕਾਬਲਾ ਕਰਨ ਦੀ ਤਾਂ ਜੋ ਸੱਚ ਨੂੰ ਸੱਚ ਲਿਖਣ ਦੀ ਹਿੰਮਤ ਦਿਖਾਉਣ ਦਾ ਜ਼ਜ਼ਬਾ ਬਰਕਰਾਰ ਰੱਖਿਆ ਜਾ ਸਕੇ।