Army take Mission fatehveer: ਸੰਗਰੂਰ: 96 ਘੰਟਿਆਂ ਤੋਂ ਵੱਧ ਸਮੇਂ ਤੋਂ ਬੋਰਵੈੱਲ ‘ਚ ਡਿੱਗਿਆ ਫਤਿਹਵੀਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਫਤਿਹਵੀਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਪਰ ਅਜੇ ਤੱਕ ਐੱਨ.ਡੀ.ਆਰ.ਐੱਫ. ਤੇ ਸਮਾਜਿਕ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਯਤਨ ਸਫਲ ਨਹੀਂ ਹੋ ਸਕੇ ਹਨ। ਹੁਣ ਫਤਿਹਵੀਰ ਨੂੰ ਬਚਾਉਣ ਲਈ ਫੌਜ਼ ਨੇ ਮੋਰਚਾ ਸਾਂਭ ਲਿਆ ਹੈ। ਲੰਘੇ ਵੀਰਵਾਰ ਲਗਭਗ 4 ਵਜੇ ਮਾਤਾ-ਪਿਤਾ ਨਾਲ ਖੇਡਦੇ ਸਮੇਂ ਬੋਰਵੈੱਲ ‘ਚ ਡਿੱਗੇ ਫਤਿਹਵੀਰ ਸਿੰਘ ਨੂੰ ਬਾਹਰ ਕੱਢਣ ਲਈ ਐੱਨ. ਡੀ. ਆਰ. ਐੱਫ. ਦੀ ਟੀਮ, ਡੇਰਾ ਸੱਚਾ ਸੌਦਾ ਦੇ ਵਾਲੰਟੀਅਰਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਹਰ ਕੋਸ਼ਿਸ਼ ਨਾਕਾਮ ਹੋਣ ਤੋਂ ਬਾਅਦ ਹੁਣ ਫੌਜ ਨੂੰ ਪਿੰਡ ਭਗਵਾਨਪੁਰਾ ਬੁਲਾ ਲਿਆ ਗਿਆ ਹੈ ਅਤੇ ਫਤਿਹਵੀਰ ਨੂੰ ਬਚਾਉਣ ਦੀ ਕਮਾਨ ਹੁਣ ਫੌਜ ਨੇ ਆਪਣੇ ਹੱਥ ਵਿਚ ਲੈ ਲਈ ਹੈ। ਅੱਜ ਫਤਿਹਵੀਰ ਸਿੰਘ ਦਾ ਜਨਮ ਦਿਨ ਵੀ ਹੈ ਅਤੇ ਆਸ ਸੀ ਕਿ ਅੱਜ ਐੱਨ. ਡੀ. ਆਰ. ਐੱਫ. ਦੀ ਟੀਮ ਵਲੋਂ ਫਤਿਹ ਨੂੰ ਬੋਰਵੈੱਲ 'ਚੋਂ ਬਾਹਰ ਕੱਢ ਲਿਆ ਜਾਵੇਗਾ ਪਰ ਅੱਧਾ ਦਿਨ ਬੀਤ ਜਾਣ ਦੇ ਬਾਵਜੂਦ ਵੀ ਫਤਿਹ ਦੀ ਲੋਕੇਸ਼ਨ ਦਾ ਪਤਾ ਨਹੀਂ ਲਗਾਇਆ ਜਾ ਸਕਿਆ।
ਜਿਕਰਯੋਗ ਹੈ ਕਿ ਫਤਿਹਵੀਰ ਨੂੰ ਬਾਹਰ ਕੱਢਣ ਲਈ 32 ਇੰਚ ਚੌੜਾ ਇਕ ਸਮਾਂਤਰ ਬੋਰਵੈੱਲ ਬਣਾਇਆ ਗਿਆ ਹੈ ਤਾਂ ਕਿ ਲਗਭਗ 120 ਫੁੱਟ ਦੀ ਡੂੰਘਾਈ ‘ਤੇ 9 ਇੰਚ ਚੌੜੇ ਬੋਰਵੈੱਲ ਵਿਚ ਫਸੇ ਫਤਿਹਵੀਰ ਤੱਕ ਦੋਨਾਂ ਬੋਰਵੈੱਲਾਂ ਵਿਚਾਲੇ ਸੁਰੰਗ ਬਣਾ ਕੇ ਪਹੁੰਚਿਆ ਜਾ ਸਕੇ ।ਕਈ ਜੇ. ਸੀ. ਬੀ. ਮਸ਼ੀਨਾਂ, ਕਈ ਦਰਜਨ ਟਰੈਕਟਰ ਮੌਕੇ ‘ਤੇ ਦਿਨ-ਰਾਤ ਕੰਮ ਕਰ ਰਹੇ ਹਨ।ਹਾਲਾਂਕਿ ਉਸ ਦੀ ਸਥਿਤੀ ਨੂੰ ਕੈਮਰਿਆਂ ਰਾਹੀਂ ਲਗਾਤਾਰ ਦੇਖਿਆ ਜਾ ਰਿਹਾ ਹੈ।
ਡਾਕਟਰਾਂ ਦੀ ਟੀਮ ਬੱਚੇ ਦੀ ਜ਼ਿੰਦਗੀ ਪ੍ਰਤੀ ਪੂਰੀ ਆਸ ਲਗਾਈ ਬੈਠੀ ਹੈ। ਬੱਚੇ ਨੂੰ ਲਗਾਤਾਰ ਆਕਸੀਜਨ ਪਹੁੰਚਾਉਣ ਦਾ ਪ੍ਰਬੰਧ ਇਕ ਪਾਈਪ ਲਾਈਨ ਰਾਹੀਂ ਕੀਤਾ ਗਿਆ ਹੈ। ਫਤਿਹਵੀਰ ਦੇ ਨਿਕਲਦੇ ਹੀ ਉਸ ਦੇ ਇਲਾਜ ਲਈ ਸੰਗਰੂਰ, ਪਟਿਆਲਾ ਅਤੇ ਚੰਡੀਗੜ੍ਹ ‘ਚ ਇਲਾਜ ਦੇ ਪ੍ਰਬੰਧ ਕਰ ਦਿੱਤੇ ਗਏ ਹਨ। ਦੱਸ ਦੇਈਏ ਕਿ ਫਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ 10 ਜੂਨ ਯਾਨੀ ਅੱਜ ਨੂੰ ਉਸ ਦਾ ਜਨਮਦਿਨ ਹੈ। ਉਮੀਦਾਂ ਟੁੱਟ ਰਹੀਆਂ ਹਨ ਪਰ ਹਰ ਕਿਸੇ ਨੂੰ ਚਮਤਕਾਰ ਦਾ ਇੰਤਜ਼ਾਰ ਹੈ। ਮਾਂ ਉਸ ਦੀਆਂ ਕਿਲਕਾਰੀਆਂ ਸੁਣਨ ਨੂੰ ਬੇਹਾਲ ਹੈ। ਆਮ ਲੋਕਾਂ ਦੇ ਵੀ ਹੰਝੂ ਨਿਕਲ ਰਹੇ ਹਨ। ਪੂਰਾ ਦੇਸ਼ ਫਤਿਹ ਲਈ ਅਰਦਾਸ ਕਰ ਰਿਹਾ ਹੈ।