Government accepted demands:ਚੰਡੀਗੜ੍ਹ- ਸੰਗਰੂਰ ਦੇ ਦਲਿਤ ਨੌਜਵਾਨ ਜਗਮੇਲ ਦੇ ਕਤਲ ਮਾਮਲੇ ਵਿੱਚ ਆਖਰ ਪੰਜਾਬ ਸਰਕਾਰ ਤੇ ਪੀੜਤ ਦੇ ਪਰਿਵਾਰਕ ਮੈਂਬਰਾਂ ਵਿਚ ਰਾਜੀਨਾਮਾ ਹੋ ਗਿਆ ਹੈ। ਸਰਕਾਰ ਵਲੋਂ ਅੱਜ 4 ਮੈਂਬਰੀ ਵਫਦ ਵਲੋਂ ਚੰਡੀਗੜ੍ਹ ਵਿਚ ਪੀੜਤ ਪਰਿਵਾਰ ਦੇ ਨਾਲ ਬੈਠਕ ਕੀਤੀ ਗਈ। ਢਾਈ ਘੰਟੇ ਚੱਲੀ ਇਸ ਬੈਠਕ ਤੋਂ ਬਾਅਦ ਪੀੜਤ ਪਰਿਵਾਰ ਜਗਮੇਲ ਦੇ ਪੋਸਟਮਾਰਟਮ ਅਤੇ ਸੰਸਕਾਰ ਲਈ ਰਾਜੀ ਹੋ ਗਿਆ ਹੈ। ਮੀਟਿੰਗ ਦੌਰਾਨ ਸਰਕਾਰ ਤੇ ਪਰਿਵਾਰ ਵਿਚ ਜਿਨ੍ਹਾਂ 7 ਗੱਲਾਂ ਨੂੰ ਲੈ ਕੇ ਸਮਝੌਤਾ ਹੋਇਆ ਹੈ, ਉਨ੍ਹਾਂ ਵਿਚੋਂ ਸਭ ਤੋਂ ਅਹਿਮ ਪੀੜਤ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ 20 ਲੱਖ ਰੁਪਏ ਨਕਦੀ ਮੁਆਵਜੇ ਵਜੋਂ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ਇਹ ਵੀ ਫੈਸਲਾ ਲਿਆ ਗਿਆ ਕਿ ਘਰ ਦੀ ਮੁਰੰਮਤ ਲਈ ਸਰਕਾਰ 1.25 ਲੱਖ ਰੁਪਏ ਤੇ ਜਗਮੇਲ ਦੇ ਭੋਗ ਦਾ ਸਾਰਾ ਖਰਚ ਸਰਕਾਰ ਚੁੱਕੇਗੀ। ਇਸ ਦੇ ਨਾਲ ਹੀ ਫੈਸਲਾ ਕੀਤਾ ਗਿਆ ਕਿ ਮੁਆਵਜਾ ਰਾਸ਼ੀ ਵਿਚੋਂ 6 ਲੱਖ ਰੁਪਏ ਦੀ ਅਦਾਇਗੀ ਪੋਸਟਮਾਰਟਮ ਕਰਵਾਉਣ ਵੇਲੇ ਕੀਤੀ ਜਾਵੇਗੀ। ਪੀੜਤ ਪਰਿਵਾਰ ਨੂੰ 6 ਮਹੀਨੇ ਦਾ ਰਾਸ਼ਨ ਸਰਕਾਰ ਦੇਵੇਗੀ ਤੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚ ਚੁੱਕੇਗੀ। ਇਸ ਤੋਂ ਇਲਾਵਾ ਪਰਿਵਾਰ ਦੀਆਂ ਜੋ ਹੋਰ ਮੰਗਾਂ ਸਰਕਾਰ ਵਲੋਂ ਪ੍ਰਵਾਨ ਕੀਤੀਆਂ ਗਈਆਂ ਹਨ, ਉਨ੍ਹਾਂ ਮੁਤਾਬਕ ਜਗਮੇਲ ਕਤਲ ਕਾਂਡ ਮਾਮਲੇ ਵਿਚ ਪੁਲਸ ਵਿਭਾਗ ਨੂੰ 7 ਦਿਨਾਂ ਵਿੱਚ ਚਲਾਨ ਪੇਸ਼ ਕਰਨਾ ਹੋਵੇਗਾ। ਇਸ ਦੇ ਨਾਲ ਹੀ ਮਾਮਲੇ ਵਿਚ ਲਾਪਰਵਾਹੀ ਲਈ ਏਡੀਜੀਪੀ ਲੈਵਲ ਉਤੇ ਜਾਂਚ ਕੀਤੀ ਜਾਵੇਗੀ। ਸਰਕਾਰ ਵਲੋਂ ਕੋਸ਼ੀਸ਼ ਕੀਤੀ ਜਾਵੇਗੀ ਕਿ ਜਗਮੇਲ ਦੇ ਕਤਲ ਲਈ ਜਿੰਮੇਵਾਰ ਲੋਕਾਂ ਨੂੰ 3 ਮਹੀਨੇ ਦੇ ਅੰਦਰ-ਅੰਦਰ ਸਜਾ ਹੋ ਸਕੇ। ਸਰਕਾਰ ਨਾਲ ਹੋਏ ਇਸ ਸਮਝੋਤੇ ਮਗਰੋਂ ਪੀੜਤ ਪਰਿਵਾਰ ਵਲੋਂ ਪੀਜੀਆਈ ਵਿਚ ਦਿੱਤਾ ਜਾ ਰਿਹਾ ਧਰਨਾ ਅੱਜ ਸਮਾਪਤ ਕਰ ਦਿੱਤਾ ਗਿਆ।

ਦੱਸ ਦਈਏ ਕਿ ਸੂਬੇ ਦੇ ਸੰਗਰੂਰ ਇਲਾਕੇ ਦੇ ਪਿੰਡ ਚਗਾਂਲੀਵਾਲ ਦੇ ਦਲਿਤ ਨੌਜਵਾਨ ਉਤੇ ਬੀਤੇ ਦਿਨੀਂ 4 ਲੋਕਾਂ ਵਲੋਂ ਇਸ ਕਦਰ ਤਸ਼ਦਦ ਕੀਤਾ ਗਿਆ ਸੀ, ਜਿਸ ਨੇ ਵੀ ਸੁਣੀਆ ਉਸਦੀ ਰੂਹ ਤਕ ਕੰਬ ਗਈ। ਤਸ਼ਦਦ ਦਾ ਸ਼ਿਕਾਰ ਹੋਣ ਪਿੱਛੋਂ ਨੌਜਵਾਨ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ, ਜਿਥੇ ਉਸਦੀਆਂ ਦੋਵੇਂ ਲੱਤਾ ਕੱਟ ਦਿੱਤੀਆਂ ਗਈਆਂ ਸਨ ਪਰ ਇਸ ਦੇ ਬਾਵਜੂਦ ਵੀ ਉਸਦੀ ਜਾਨ ਨਹੀਂ ਬੱਚ ਸਕੀ ਤੇ ਸ਼ਨੀਵਾਰ ਨੂੰ ਉਸਦੀ ਮੌਤ ਹੋ ਗਈ ਸੀ।ਜਿਸ ਕਾਰਨ ਸ਼ਨੀਵਾਰ ਤੋਂ ਹੀ ਪਰਿਵਾਰ ਪੀਜੀਆਈ ਵਿੱਚ ਧਰਨੇ ਉਤੇ ਬੈਠਾ ਸੀ। ਪਰਿਵਾਰ ਵਲੋਂ ਇਨਸਾਫ ਦੀ ਮੰਗ ਕਰਦੇ ਹੋਏ ਇਕ ਪਰਿਵਾਰਕ ਮੈਂਬਰ ਲਈ ਨੌਕਰੀ ਤੇ 50 ਲੱਖ ਰੁਪਏ ਮੁਆਵਜੇ ਦੀ ਮੰਗ ਕੀਤੀ ਜਾ ਰਹੀ ਸੀ। ਅੱਜ ਇਸ ਮਾਮਲੇ ਨੂੰ ਆਪ ਆਗੂ ਭਗਵੰਤ ਮਾਨ ਵਲੋਂ ਲੋਕ ਸਭਾ ਵਿਚ ਚੁਕਿਆ ਗਿਆ ਸੀ ਤੇ ਗ੍ਰਹਿ ਮੰਤਰਾਲੇ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਗਈ ਸੀ। ਦੁਪਹਿਰ ਬਾਅਦ ਇਸ ਮਾਮਲੇ ਲਈ ਪੰਜਾਬ ਸਰਕਾਰ ਦੇ 4 ਮੈਂਬਰੀ ਵਫਦ ਦੀ ਪਰਿਵਾਰ ਨਾਲ ਬੈਠਕ ਹੋਈ। ਜਿਸ ਮਗਰੋਂ ਇਸ ਸਮਝੌਤਾ ਸਿਰੇ ਚੜ੍ਹ ਸਕੀਆ ਹੈ।