Arvind Kejriwal Punjab Rally ਸੰਗਰੂਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚ ਚੁਕੇ ਹਨ। ਉਹ ਅੱਜ ਬਰਨਾਲਾ ਵਿਖੇ ਰੈਲੀ ਕਰਨ ਤੋਂ ਪਹਿਲਾਂ ਸੰਗਰਰੂ ਪਹੁੰਚੇ। ਕੇਜਰੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਸਾਰੀਆਂ 13 ਸੀਟਾਂ ਤੇ ਚੋਣਾਂ ਲੜੇਗੀ। ਸੰਗਰੂਰ ਪਹੁੰਚੇ ਕੇਜਰੀਵਾਲ ਨੇ ਇਸ ਦੌਰਾਨ ਭਾਜਪਾ ਤੇ ਕਾਂਗਰਸ ਤੇ ਕਈ ਹਮਲੇ ਕੀਤੇ। ਕੇਜਰੀਵਾਲ ਨੇ ਕਿਹਾ ਕਿ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਭਾਜਪਾ ਨੇ ਸਿਰਫ ਲੋਕਾਂ ਦੀ ਲੁੱਟ ਹੀ ਕੀਤੀ ਹੈ, ਜੇਕਰ ਭਾਜਪਾ ਹੋਰ 5 ਸਾਲ ਲਈ ਸੱਤਾ ਵਿਚ ਆ ਗਈ ਤਾਂ ਦੇਸ਼ ਬਰਬਾਦ ਹੋ ਜਾਵੇਗਾ। ਇਸ ਲਈ ਮਹਾਗਠਜੋੜ ਜ਼ਰੂਰੀ ਹੈ। ਕੇਜਰੀਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਹਰਾਉਣਾ ਪਵੇਗਾ।

Arvind Kejriwal Punjab Rally
ਇਸ ਦੌਰਾਨ ਕੇਜਰੀਵਾਲ ਨੇ ਸਾਫ ਕੀਤਾ ਕਿ ਪੰਜਾਬ ਵਿਚ ਕਿਸੇ ਕੀਮਤ ‘ਤੇ ਕਾਂਗਰਸ ਨਾਲ ਗਠਜੋੜ ਨਹੀਂ ਕੀਤਾ ਜਾ ਸਕਦਾ। ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਸੀਟਾਂ ‘ਤੇ ਚੋਣਾਂ ਲੜੇਗੀ ਅਤੇ ਦਿੱਲੀ ਦੀ ਤਰਜ਼ ‘ਤੇ ਪੰਜਾਬ ਦਾ ਵੀ ਵਿਕਾਸ ਕੀਤਾ ਜਾਵੇਗਾ। ਕੇਜਰੀਵਾਲ ਇਸ ਰੈਲੀ ‘ਚ ਪੰਜਾਬ ਦੀ ਕੈਪਟਨ ਸਰਕਾਰ ਦੇ ਕੰਮਾਂ ‘ਤੇ ਤਿੱਖੇ ਹਮਲੇ ਕਰਨ ਦੇ ਨਾਲ-ਨਾਲ ਆਪਣੇ ਦਿੱਲੀ ਮਾਡਲ ਦਾ ਗੁਣਗਾਣ ਕਰਕੇ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਨੂੰ ਨਿਸ਼ਾਨੇ ‘ਤੇ ਲੈ ਸਕਦੇ ਹਨ। ਉਹ ਬਿਜਲੀ ਅਤੇ ਪਾਣੀ ਦੇ ਮੁੱਦੇ ‘ਤੇ ਕੈਪਟਨ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰਨ ਦਾ ਯਤਨ ਕਰ ਸਕਦੇ ਹਨ। ਆਪ ਦੇ ਕੌਮੀ ਕਨਵੀਨਰ ਸਾਲ 2017 ‘ਚ ਸੂਬੇ ‘ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ 20 ਜਨਵਰੀ ਨੂੰ ਕਿਸੇ ਸਿਆਸੀ ਪ੍ਰੋਗਰਾਮ ‘ਚ ਆ ਰਹੇ ਹਨ।

Arvind Kejriwal Punjab Rally
ਜ਼ਿਕਰਯੋਗ ਹੈ ਕਿ ਆਪ ਪਾਰਟੀ ਪੰਜਾਬ ‘ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ, ਜਿਨ੍ਹਾਂ ‘ਚ ਸੰਗਰੂਰ ਤੋਂ ਭਗਵੰਤ ਮਾਨ, ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ (ਜਗਦੇਵਕਲਾਂ), ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਹੁਸ਼ਿਆਰਪੁਰ ਤੋਂ ਡਾਕਟਰ ਰਵਜੋਤ ਸਿੰਘ ਸ਼ਾਮਲ ਹਨ। ਕੇਜਰੀਵਾਲ ਦਾ ਇਹ ਦੌਰਾ ਇਸ ਲਈ ਵੀ ਅਹਿਮ ਹੈ ਕਿਉਂਕਿ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਪਿਛਲੇ ਦਿਨੀਂ ਹੀ ਆਪ ਤੋਂ ਅਸਤੀਫਾ ਦੇ ਕੇ ਆਪਣੀ ਨਵੀਂ ਪਾਰਟੀ ਬਣਾ ਕੇ ਆਪ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।

Arvind Kejriwal Punjab Rally